Tuesday, July 15, 2014

Jagmohan Singh - ਦਸਮ ਗ੍ਰੰਥ ਦੇ ਕ੍ਰਿਤਤਵ ਬਾਰੇ

********************************************************
/o\
.
.....

ਦਸਮ ਗ੍ਰੰਥ ਦੇ ਕ੍ਰਿਤਤਵ ਬਾਰੇ ਕੋਈ ਵੀ ਗੱਲ ਕਰਨੀ ਜੋ ਵਿਵਾਦਤ ਨਾ ਹੋ ਨਿਬੜੇ ਮੁਸ਼ਕਿਲ ਹੈ l
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਗ੍ਰੰਥ ਦਾ ਸ਼ਬਦਾਰਥ ਤਿਆਰ ਕਰਨ ਲਈ 1966-67 ਵਿਚ ਭਾਈ ਰਣਧੀਰ ਸਿੰਘ (ਅਖੰਡ ਕੀਰਤਨੀ ਜੱਥੇ ਵਾਲੇ ਭਾਈ ਰਣਧੀਰ ਸਿੰਘ ਨਾਰੰਗਵਾਲ ਨਹੀਂ) ਦੀ ਸੇਵਾ ਲਈ ਸੀ ਜਿਨ੍ਹਾਂ ਨੇ ਚਰਿਤ੍ਰੋਪਾਖਯਾਨ ਤੇ ਹਕਾਯਾਤ ਵਾਲੇ ਹਿੱਸੇ ਦਾ ਸ਼ਬਦਾਰਥ ਤਿਆਰ ਨਹੀਂ ਕੀਤਾ ਅਤੇ ਨਾ ਹੀ ਦਸਮ ਗ੍ਰੰਥ ਦਾ ਇਹ ਹਿੱਸਾ, ਯੂਨੀਵਰਸਿਟੀ ਵਲੋਂ ਛਾਪਿਆ ਗਿਆ ਜਦੋਂ ਕਿ ਬਾਕੀ ਸ਼ਬਦਾਰਥ ਅਤੇ ਮੂਲ ਪਾਠ, ਤਿੰਨ ਪੋਥੀਆਂ ਵਿਚ ਛਪ ਚੁੱਕਾ ਹੈ l
ਗੁਰੂ ਗੋਬਿੰਦ ਸਿੰਘ ਫ਼ਾਊਂਡੇਸ਼ਨ ਵਲੋਂ ਵੀ 1967 ਵਿਚ ਇੱਕ ਗ੍ਰੰਥ "ਚੋਣਵੀਂ ਬਾਣੀ ਦਸਮ-ਗ੍ਰੰਥ" ਦੀ ਪ੍ਰਕਾਸ਼ਨਾ ਕਰਵਾਈ ਗਈ ਜਿਸਦੀ ਸੰਪਾਦਨਾ ਗਿਆਨੀ ਲਾਲ ਸਿੰਘ ਹੁਰਾਂ ਵਲੋਂ ਕੀਤੀ ਗਈ. (ਇਸ ਗ੍ਰੰਥ ਦੇ ਨਾਮ ਦੇ ਦੋ ਸ਼ਬਦਾਂ ਦਸਮ ਅਤੇ ਗ੍ਰੰਥ ਵਿਚਾਲੇ ਇਕ ਡੈੱਸ਼ ਦੀ ਮੌਜੂਦਗੀ ਹੈ, ਜੋ ਐਵੇਂ ਹੀ ਜਾਂ ਬਿਨਾਂ ਕਿਸੇ ਮਕਸਦ ਦੇ ਨਹੀਂ ਪਾਈ ਜਾਪਦੀ - ਪਰ ਸੰਪਾਦਕ ਵਲੋਂ ਇਸ ਡੈਸ਼ ਲਈ ਕੋਈ ਸਪਸ਼ਟੀਕਰਣ ਵੀ ਨਹੀਂ ਦਿੱਤਾ ਗਿਆ.) ਇਸ ਗ੍ਰੰਥ ਵਿਚ ਵੀ "ਤ੍ਰਿਆ ਚਰਿਤ੍ਰ" ਨੂੰ ਸ਼ਾਮਲ ਨਹੀਂ ਕੀਤਾ ਗਿਆ l
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜੇ ਤੀਕ ਇਸ ਗ੍ਰੰਥ ਨੂੰ ਛਾਪਿਆ ਨਹੀਂ ਗਿਆ. ਅਜੋਕੇ ਸਮੇਂ ਵਿਚ ਇਸ ਗ੍ਰੰਥ ਨੂੰ "ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ" ਦੇ ਨਾਮ ਹੇਠ, ਕੁਝ ਕੁ ਪਬਲਿਸ਼ਰਾਂ ਵਲੋਂ ਛਾਪਿਆ ਗਿਆ ਹੈ ਜੋ ਕਿ ਗਲਤ, ਭੁਲੇਖਾ ਪਾਊ ਅਤੇ ਅਵਗਿਆ ਪੂਰਨ ਹੈ l

ਇਸ ਗ੍ਰੰਥ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਅਤੇ ਦੂਜੇ ਦੇ ਵਿਚਾਰ ਕਟਦਿਆਂ ਅਕਸਰ ਹੀ ਲੋਕ ਭਾਵੁਕ ਹੋ ਜਾਂਦੇ ਹਨ ਅਤੇ ਗਾਲੀ ਗਲੋਚ ਦੀ ਹੱਦ ਤੀਕ ਨੀਵੇਂ ਉੱਤਰ ਜਾਂਦੇ ਹਨ ਜੋ ਕਿ ਨਿੰਦਣਯੋਗ ਹੈ. ਸਾਡੀ ਕੋਸ਼ਿਸ਼ ਵਿਵਾਦ ਨੂੰ ਹੱਲ ਕਰਨ ਦੀ ਹੋਣੀ ਚਾਹੀਦੀ ਹੈ ਜਿਸ ਵਿਚ ਪਹਿਲਾ ਕਦਮ ਵਿਰੋਧੀ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਅਤੇ ਅੱਗਲਾ ਕਦਮ ਆਪਣੀ ਗੱਲ ਸਮਝਾਉਣ ਦਾ ਹੋਣਾ ਚਾਹੀਦਾ ਹੈ l
ਦਸਮ ਗ੍ਰੰਥ ਬਾਰੇ ਗੱਲ ਕਰਦਿਆਂ ਹਰ ਕੋਈ, ਉਹ ਵੀ ਜਿਸਨੇ ਇਹ ਗ੍ਰੰਥ ਨਹੀਂ ਪੜ੍ਹਿਆ, ਮਹਾਂ ਵਿਦਵਾਨ ਬਣ ਜਾਂਦਾ ਹੈ ਅਤੇ ਇੰਝ ਗੱਲ ਕਰਦਾ ਹੈ ਜਿਵੇਂ ਇਸ ਗ੍ਰੰਥ ਬਾਰੇ, ਉਹ ਹੀ ਇੱਕੋ-ਇੱਕ ਅਥਾਰਿਟੀ ਹੈ l

. . .
ਪਿੱਛੇ ਜਿਹੇ ਇਕ ਲੇਖ ਪੜ੍ਹਨ ਨੂੰ ਮਿਲਿਆ ਸੀ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਇੱਕ ਵਿਦਵਾਨ, ਇਸ ਥੀਸਿਸ ਦੀ ਉਸਾਰੀ ਕਰਦੇ ਨੇ ਕਿ 
ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਬਾਣੀਕਾਰਾਂ ਦੇ ਸਮਾਨੰਤਰ, ਆਪਣੀ ਅੱਲਗ ਵਿਚਾਰਧਾਰਾ ਪੇਸ਼ ਕੀਤੀ ਹੈ ਜੋ ਗੁਰੂ ਗਰੰਥ ਸਾਹਿਬ ਦੀ ਵਿਚਾਰ ਧਾਰਾ ਨਾਲ ਇਕਮਿਕ ਨਹੀਂ ਹੈ ਸਗੋਂ ਵਿਲੱਖਣ ਹੈ l ਮੇਰੇ ਖਿਆਲ ਵਿਚ ਉਨ੍ਹਾਂ ਦਾ ਇਹ ਥੀਸਿਸ ਗਲਤ ਅਤੇ ਤਰੁਟੀ-ਪੂਰਨ ਹੈ l ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗਰੰਥ ਸਹਿਬ ਦੇ ਬਾਣੀਕਾਰਾਂ ਵਿਚ ਵਿਚਾਰਧਾਰਕ ਏਕਤਾ ਅਤੇ ਸੁਮੇਲਤਾ ਵੀ ਹੈ ਅਤੇ ਨਿਰੰਤਰਤਾ ਵੀ ਹੈ l ਗੁਰੂ ਸ਼ਬਦ ਦੀ ਇੱਕੋ ਜੋਤ ਸਾਰੇ ਗੁਰੂ ਸਾਹਿਬਾਨ ਵਿਚ ਪ੍ਰਜਵਲਤ ਹੈ ਜਿਸ ਦਾ ਜਲੋਅ ਗੁਰੂ ਗਰੰਥ ਸਾਹਿਬ ਵਿਚ ਵੇਖਿਆ, ਪੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ l
ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਦੀ ਪਰੰਪਰਾ ਦੇ ਜਾਨਸ਼ੀਨ ਹੀ ਤਾਂ ਸਨ l ਉਹ ਅੱਦੁਤੀ ਯੋਧੇ ਹੋਣ ਦੇ ਨਾਲ ਨਾਲ ਇਕ ਨਿਮਰ ਵਿਅਕਤੀਤਵ ਦੇ ਮਾਲਕ ਵੀ ਸਨ, ਸਾਹਿਤ ਦੇ ਰਚੇਤਾ ਸਨ, ਸੰਗੀਤਕਾਰ ਸਨ, ਵਿਦਿਆ ਦਾਨੀ ਸਨ l ਉਨ੍ਹਾਂ ਦੀ ਸ਼ਖਸ਼ੀਅਤ ਨੂੰ ਬਿਆਨ ਜਾਂ ਲਿਖਤ ਵਿਚ ਨਹੀਂ ਦਰਸਾਇਆ ਜਾ ਸਕਦਾ, ਕਿਉਂਕਿ ਸ਼ਬਦਾਂ ਦੀ ਵੀ ਇਕ ਸੀਮਾ ਹੈ ਪਰ ਗੁਰੂ ਸਾਹਿਬ ਦੀ ਸਖਸ਼ੀਅਤ ਤਾਂ ਅਸੀਮ ਹੈ l ਜੇ ਕੋਈ ਵਿਦਵਾਨ ਇਹ ਸਿਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਗੁਰੂਆਂ ਦੇ ਸਮਾਨੰਤਰ, ਅੱਲਗ ਵਿਚਾਰਧਾਰਾ ਪੇਸ਼ ਕੀਤੀ ਹੈ, ਤਾਂ ਉਸਦੀ ਸੋਚ ਤੇ ਅਫ਼ਸੋਸ ਹੀ ਪ੍ਰਗਟ ਕੀਤਾ ਜਾ ਸਕਦਾ ਹੈ l

ਇਹ ਗੱਲ ਸਰਵ-ਪ੍ਰਵਾਨਿਤ ਹੈ ਕਿ ਮੂਲ ਮੰਤਰ ਹੀ ਗੁਰਮਤ ਦਾ ਤੱਤ-ਸਾਰ ਹੈ. ਗੁਰਬਾਣੀ ਦੇ ਸਹੀ ਅਰਥ, ਮੂਲ ਮੰਤਰ ਦੇ ਚੌਖਟੇ ਵਿਚ ਰਹਿ ਕੇ ਹੀ ਕੀਤੇ ਜਾ ਸਕਦੇ ਹਨ l  ਮੂਲ ਮੰਤਰ ਦੀਆਂ ਸੀਮਾਵਾਂ ਦੀ ਉਲੰਘਣਾ, ਘੁੰਮਣ ਘੇਰੀਆਂ ’ਚ ਹੀ ਪਾਉਂਦੀ ਹੈ. ਦਸਮ ਗ੍ਰੰਥ ਵਿਚਲੀਆਂ ਕੁਝ ਬਾਣੀਆਂ ਸੰਕੇਤਕ ਹਨ ਅਤੇ ਗਹਿਰੇ ਅਰਥਾਂ ਦਾ ਸੰਚਾਰ ਨਹੀਂ ਕਰਦੀਆਂ ਪਰ ਇਹ ਸਿੱਟਾ ਕਢਣਾ ਕਿ ਇਹ ਦਸਮ ਗੁਰੂ ਜੀ ਦੀਆਂ ਨਹੀਂ ਠੀਕ ਨਹੀਂ ਭਾਸਦਾ l
 ਇਨ੍ਹਾਂ ਪਿੱਛੇ ਮਨੋਰਥ ਬੀਰ ਰਸ ਦੀ ਭਾਵਨਾ ਦਾ ਸੰਚਾਰ ਕਰਨਾ ਵੀ ਹੋ ਸਕਦਾ ਹੈ l ਇਨ੍ਹਾਂ ਤੋਂ ਇਲਾਵਾ ਜ਼ਫ਼ਰਨਾਮਾ ਇੱਕ ਮੱਹਤਵ ਪੂਰਨ ਇਤਿਹਾਸਕ ਦਸਤਾਵੇਜ਼ ਹੈ l

ਕੁਝ ਕੁ ਬਾਣੀਆਂ ਮੂਲ ਮੰਤਰ ਦੀ ਕਸਵਟੀ ਤੇ ਪੂਰੀਆਂ ਨਹੀਂ ਉਤਰਦੀਆਂ ਜਿਨ੍ਹਾਂ ਦੀ ਪਛਾਣ ਕਰਨੀਂ ਬਣਦੀ ਹੈ l 
ਦਸਮ ਗ੍ਰੰਥ ਦੀਆਂ ਕੁਝ ਕ੍ਰਿਤਾਂ, ਗੁਰੂ ਸਾਹਿਬ ਦੀ ਗਹਿਰ-ਗੰਭੀਰ, ਗਗਨ-ਚੁੰਭੀ ਸ਼ਖਸ਼ੀਅਤ, ਜੀਵਨ ਸ਼ੈਲੀ ਅਤੇ ਦਰਸ਼ਨ ਨਾਲ ਮੇਲ ਨਹੀਂ ਖਾਂਦੀਆਂ ਅਤੇ ਦਸਮ ਪਾਤਸ਼ਾਹ ਦਾ ਨਾਮ ਅਜਿਹੀਆਂ ਬਾਣੀਆਂ ਨਾਲ ਜੋੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ l ਯੂਨੀਵਰਸਿਟੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਵਿਸ਼ੇ ਤੇ ਖੋਜ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ

No comments:

Post a Comment