Monday, July 14, 2014

A letter by Parminder Sodhi

ਹੁਣ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ : ਨੰਬਰ ਇੱਕ , ਹਾਇਕੂ ਇਕ ਸਤਰੀ/ਤਿੰਨ ਸਤਰੀ/ਸੰਖੇਪ ਹੁੰਦਾ ਹੈ । ਦੂਜਾ ਇਸ 'ਚ ਮੌਸਮ ਦਾ ਸਿੱਧਾ-ਅਸਿੱਧਾ ਜ਼ਿਕਰ ਹੁੰਦਾ ਹੈ । ਤੀਜਾ ਇਹ 'ਹੁਣ ਅਤੇ ਇਥੇ ' ਨੂੰ ਫੜਦਾ ਹੈ ਭਾਵ ਅੱਖ ਮੁਹਰੇ ਵਾਪਰ ਰਹੇ ਪਲ ਛਿਣ/ਘਟਨਾ ਨੂੰ ਹੂਬਹੂ ਬਿਆਨਦਾ ਹੈ । ਪੰਜਾਬੀ ਵਿਚ ਇਥੋਂ ਤਕ ਬਹੁਤ ਸਾਰੇ ਸੱਜਣ ਪਹੁੰਚ ਗਏ ਨੇ । ਦੇਖ ਕੇ / ਪੜ੍ਹ ਕੇ ਖੁਸ਼ੀ ਹੁੰਦੀ ਹੈ ।ਪਰ ਬਹੁਤੇ ਜਣੇ ਕਿਸ ਗੱਲ ਵੱਲ ਧਿਆਨ ਨਹੀਂ ਦੇ ਰਹੇ...? ਨੰਬਰ ਇੱਕ,ਹਾਇਕੂ ਕਵਿਤਾ ਹੈ । ਮਹਿਜ਼ ਤਿੰਨ ਸਤਰੀ ਬਿਆਨ ਨਹੀਂ ।ਕਵਿਤਾ ਨੂੰ ਪੜ੍ਹ ਕੇ ਮਨ ਵਿਚ ਕੁਝ ਹੁੰਦਾ ਹੈ ।ਇੱਕ ਵਿਸਮਾਦ ਤੇ ਨਸ਼ਾ ਜਾਂ ਖ਼ੁਮਾਰੀ ਦਾ ਅਹਿਸਾਸ ਨਾ ਹੋਵੇ ਤਾਂ ਉਹ ਕਵਿਤਾ ਨਹੀਂ ਹੁੰਦੀ,..ਹਾਂ ਚੰਗੀ ਗੱਲ ਹੋ ਸਕਦੀ ਹੈ, ਚੰਗਾ ਵਿਚਾਰ ਹੋ ਸਕਦਾ ਹੈ । '' ਗਰਮੀ ਦਾ ਮੌਸਮ / ਮੋੜ ਤਕ ਜਾਕੇ /ਮੁੜ ਆਇਆ ਘਰ '' ਇਹ ਤਿਨ ਸਤਰੀ ਮੈਂ ਹੁਣੇ ਲਿਖੀ ਹੈ ..ਕੀ ਇਹ ਹਾਇਕੂ ਹੈ ! ? ਨਹੀਂ ਹੈ ।ਉਪਰ ਲਿਖੀਆਂ ਤਿੰਨੋ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਇਹ ਹਾਇਕੂ ਕਿਉਂ ਨਹੀਂ ਹੈ ? ਕਿਉਂ ਕਿ ਇਸ ਨੂੰ ਪੜ੍ਹ ਕੇ ਕੋਈ ਵੀ ਕਹਿ ਸਕਦਾ ਹੈ ..''ਫੇਰ ਮੈਂ ਕੀ ਕਰਾਂ... ?Then What...?'' ਇੱਕ ਹੋਰ ਤਿੰਨ ਸਤਰੀ ...'' ਵੱਡਾ ਬਿਰਖ ਵੀ /ਮੈਂ ਵੀ,ਕੁੱਤਾ ਵੀ /ਭਿੱਜ ਰਹੇ ਕਿਣਮਿਣ ਹੇਠ ''...ਪਰ ਕੀ ਇਸ ਨੂੰ ਪੜ੍ਹ ਕੇ ਕੋਈ ਸੰਵੇਦਨਸ਼ੀਲ ਬੰਦਾ ਜਾਂ ਕਵਿਤਾ ਦਾ ਪਾਠਕ ''ਫੇਰ ਮੈਂ ਕੀ ਕਰਾਂ ..? ਜਾਂ Then What '' ਕਹਿ ਸਕਦਾ ਹੈ ।ਨਹੀਂ ਕਹਿ ਸਕਦਾ । ਕਿਉਂ ਕਿ ਇਹ ਸਿਰਫ ਬਿਆਨ ਬਾਜ਼ੀ ਨਹੀਂ ਹੈ ਸਗੋਂ ਕਵਿਤਾ ਹੈ ।ਇਸ ਨੂੰ ਪੜ੍ਹਕੇ ਤੁਸੀਂ ਇੱਕ ਵਿਸਮਾਦ ਨਾਲ ਭਰ ਜਾਂਦੇ ਹੋ ।ਹੋ ਸਕਦਾ ਹੈ ਇਹ ਵਿਸਮਾਦ ਦੂਜੀ ਜਾਂ ਤੀਜੀ ਵਾਰ ਪੜਕੇ ਮਹਿਸੂਸ ਹੋਵੇ ।ਨੰਬਰ ਦੋ ,ਜਿਸ ਵੱਲ ਪੰਜਾਬੀ ਚ ਲਿਖਣ ਵਾਲੇ ਧਿਆਨ ਨਹੀਂ ਦੇ ਰਹੇ ਕਿ ਹਾਇਕੂ ਨੂੰ ਲਿਖਣ ਵਾਲਾ ਮੂਲ ਰੂਪ 'ਚ ਕਵੀ ਤਾਂ ਹੁੰਦਾ ਹੀ ਹੈ ਪਰ ਨਾਲ ਹੀ ਉਸ ਨੂੰ "ਜਪਾਨੀ ਜ਼ੇਨ-ਬੁੱਧਵਾਦ'' ਅਤੇ ''ਚੀਨੀ ਦਰਸ਼ਨ ਤਾਓਵਾਦ'' ਦਾ ਵੀ ਗਹਿਰਾ ਗਿਆਨ ਹੁੰਦਾ ਹੈ । ਅਸਲ ਵਿਚ ਮਹਿਜ਼ ਗਿਆਨ ਨਹੀਂ ਗਹਿਰਾ ਅਨੁਭਵ ਵੀ ਹੁੰਦਾ ਹੈ । ਕਿਉਂ ਹੁੰਦਾ ਹੈ ? ਇਹ ਇੱਕ ਵੱਖਰਾ ਮਸਲਾ ਹੈ । ਜਿਸ ਵੱਲ ਹਾਲੇ ਸਾਡੇ ਪੰਜਾਬੀ ਹਾਇਕੂ ਕਵੀ ਨੇ ਧਿਆਨ ਦੇਣਾ ਹੈ ।
ਪਰਮਿੰਦਰ ਸੋਢੀ
  • Amarjit Sathi Tiwana Sodhi Parminder ਜੀ ਪੰਜਾਬੀ ਹਾਇਕੂ ਗਰੁੱਪ 'ਤੇ ਫੇਰੀ ਪਾਉਣ ਲਈ ਬਹੁਤ ਬਹੁਤ ਧੰਨਵਾਦ। ਜੋ ਤੁਸਾਂ ਕਿਹਾ ਹੈ ਬਿਲਕੁਲ ਠੀਕ ਹੈ। ਮੈਂ ਇਸ ਨਾਲ਼ ਵੀ ਪੂਰੀ ਤਰਾਂ ਸਹਿਮਤ ਹਾਂ ਕਿ ਬੁਨਿਆਦੀ ਤੌਰ ਤੇ ਹਾਇਕੂ ਲੇਖਕ ਇਕ ਕਵੀ ਹੈ ਅਤੇ ਜੇ ਉਸਦੀ ਰਚਨਾ ਵਿਚ ਕਾਵਿਕਤਾ ਨਹੀਂ ਹੈ ਤਾਂ ਉਹ ਚੰਗੀ ਹਾਇਕੂ ਵੀ ਨਹੀਂ ਹੋ ਸਕਦੀ। ਜੋ ਬੁਨਿਆਦੀ ਗੁਣ ਤੁਸਾਂ ਦੱਸੇ ਹਨ ਇਨ੍ਹਾ ਬਾਰੇ ਬਹੁਤੇ ਪੰਜਾਬੀ ਹਾਇਕੂ ਲੇਖਕ ਸੁਚੇਤ ਹਨ ਅਤੇ ਧਿਆਨ ਵੀ ਦੇ ਰਹੇ ਹਨ। ਪਰ ਹੋ ਸਕਦਾ ਹੈ ਅਜੇ ਉਹ ਹਾਇਕੂ ਮਹਾਂਰਿਸ਼ਿਆਂ ਵਰਗੀ ਰਚਨਾ ਨਾ ਕਰ ਸਕਦੇ ਹੋਣ। ਕਿਹਾ ਜਾਂਦਾ ਹੈ ਕਿ ਇਕ ਵਧੀਆ ਹਾਇਕੂ ਲਿਖਣ ਲਈ ਇਕ ਸੌ ਘੱਟ ਵਧੀਆ ਹਾਇਕੂ ਲਿਖਣ ਦੇ ਅਭਿਆਸ ਵਿਚੋਂ ਲੰਘਣਾ ਪੈਂਦਾ ਹੈ।
    ਇਹ ਵੀ ਬੜੀ ਚੰਗੀ ਗੱਲ ਹੈ ਕਿ ਉਸਨੂੰ "ਜਪਾਨੀ ਜ਼ੇਨ-ਬੁੱਧਵਾਦ'' ਅਤੇ ''ਚੀਨੀ ਦਰਸ਼ਨ ਤਾਓਵਾਦ'' ਦਾ ਵੀ ਗਹਿਰਾ ਗਿਆਨ ਹੋਵੇ। ਨਾਲ਼ ਹੀ ਉਸਨੂੰ ਅਪਣੇ 'ਹੁਣ ਅਤੇ ਅੱਜ' ਦਾ ਅਹਿਸਾਸ ਹੋਣਾ ਵੀ ਲਾਜਮੀ ਹੈ। । ਇਕ ਵਿਦਵਾਨ ਦਾ ਕਹਿਣਾ ਹੈ:
    “ਹਾਇਕੂ ਨੇ ਅਪਣੇ ਸਮੇ ਅਤੇ ਸਥਾਨ ਨੂੰ ਪ੍ਰਤਿਬਿੰਬਤ ਕਰਨਾ ਹੁੰਦਾ ਹੈ”
    ਜਿਊਂ ਹੀ ਹਾਇਕੂ ਜਾਪਾਨ ਦੀਆਂ ਹੱਦਾਂ ਪਾਰ ਕਰ ਕੇ ਹੋਰ ਦੇਸ਼ਾਂ, ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਸੰਪਰਕ ਵਿਚ ਆਈ ਇਸ ਦੇ ਵਿਸ਼ੇ ਵਸਤੂ ਵਿਚ ਵੀ ਵਿਸਥਾਰ ਹੋਇਆ ਹੈ। ਇਸ ਵਿਚ ਧਾਰਮਕ, ਆਰਥਕ, ਸਮਾਜਕ, ਮਨੋਵਿਗਿਆਨਕ, ਮਨੁੱਖੀ ਰਿਸ਼ਤੇ ਅਤੇ ਵਾਤਾਵਰਨ ਦੀਆਂ ਸਮੱਸਿਆਵਾਂ ਦੀ ਝਲਕ ਵੀ ਆਉਣ ਲੱਗ ਪਈ ਹੈ। ਨਵੀਂ ਹਾਇਕੂ ਪਰੰਪਰਿਕ ਹਾਇਕੂ ਦਾ ਇਕ ਨਵਾਂ ਰੂਪ ਹੈ। ਇਹ ਵਿਸ਼ੇ-ਵਸਤੂ ਪਖੋਂ ਬਹੁਤ ਵਿਸ਼ਾਲ ਹੈ ਅਤੇ ਇਸ ਵਿਚ ਉਹ ਵਿਸ਼ੇ ਵੀ ਸ਼ਾਮਲ ਹਨ ਜੋ ਪਰੰਪਰਿਕ ਹਾਇਕੂ ਵਿਚ ਵਰਜਤ ਸਨ। ਅੱਗੇ ਇਹ ਹਰ ਵਿਅਕਤੀ ਦੇ ਅਪਣੇ ਅਨੁਭਵ ਅਤੇ ਗਿਆਨ 'ਤੇ ਨਿਰਭਰ ਕਰਦਾ ਹੈ। ਹਾਇਕੂ ਰਚਨਾ ਇਕ ਲੰਮੀ ਸਾਧਨਾ ਹੈ। ਜੋ ਕਰਨਗੇ ਉਹ ਪਾਉਣਗੇ।
    ਸੋਢੀ ਸਾਹਿਬ ਆਉਂਦੇ ਰਿਹਾ ਕਰੋ। ਤੁਹਾਡੇ ਸਲਾਹ ਮਸ਼ਵਰੇ ਦੀ ਸਾਨੂੰ ਬੜੀ ਲੋੜ ਹੈ।
  • Jatinder Lasara ਸੋਢੀ ਸਾਹਿਬ ਨਾਲ ਸਹਿਮਤ ਹਾਂ। ਆਪਣੀ ਰੌਜ਼ਾਨਾ ਜ਼ਿੰਦਗੀ ਦਾ ਹਰ ਪਲ ਹਾਇਕੂ ਹੋ ਸਕਦਾ ਹੈ ਪਰ ਜੋ ਲਿਖਿਆ ਹੈ, ਕੀ ਸਿੱਧਾ ਦਿਲ ਤੱਕ ਜਾਂਦਾ ਹੈ? ਕੀ ਆਪ ਮੁਹਾਰੇ ਵਾਹ ਨਿਕਲ਼ਦੀ ਹੈ? ਜੇ ਹਾਂ, ਤਾਂ ਹੀ ਸਫ਼ਲ ਹਾਇਕੂ ਬਣ ਸਕਦਾ ਹੈ।
  • Vicky Sandhu bahut sohna marg darshan
  • Rosie Mann Sodhi Parminder Saab :
    janaab nu sir jhuka ke namashkaar ! _/\_
  • Ranjit Singh Sra .
    ਗਰਮੀ ਦਾ ਮੌਸਮ --
    ਮੋੜ ਤੱਕ ਜਾਕੇ
    ਮੁੜ ਆਇਆ ਘਰ

    ਵਾਹ ਕਿਆ ਗਰਮੀ ਹੈ ਅਤੇ ਇਹ ਮੋੜ ਸਭਤੋਂ ਔਖੀ ਘਾਟੀ ਹੈ !
  • Jatinder Lasara ਕਿਸੇ ਰਚਨਾ ਵਾਰੇ ਆਪਣੀ ਪਸੰਦ ਨਿੱਜੀ ਹੁੰਦੀ ਹੈ, ਇਸਦਾ ਕਿਸੇ ਨਾਲ਼ ਮੇਲ ਖਾਣਾ ਜ਼ਰੂਰੀ ਨਹੀਂ। ਕਈ ਵਾਰ ਪਾਠਕ ਉਸਦੇ ਅਰਥ ਉਹ ਕੱਢ ਲੈਂਦਾ ਹੈ ਜੋ ਲੇਖਿਕ ਨੇ ਵੀ ਨਹੀਂ ਕਹੇ ਹੁੰਦੇ, ਸੋ ਕਿਸੇ ਰਚਨਾ ਨੂੰ ਪਸੰਦ ਕਰਨਾ ਜਾਂ ਨਾ ਪਸੰਦ ਕਰਨਾ ਸੁਭਾਵਿਕ ਹੈ। ਪਰ ਕੁਝ ਸਤਰਾਂ ਜਾਂ ਰਚਨਾਵਾਂ ਲੱਗਭਗ ਸਭ ਨੂੰ ਪ੍ਰਭਾਵਿਤ ਕਰਦੀਆਂ ਹਨ, ਜੋ ਸੋਢੀ ਸਾਹਿਬ ਕਹਿ ਰਹੇ ਹਨ ਕਿ ਸਾਨੂੰ ਰਚਣੀਆਂ ਚਾਹੀਦੀਆਂ ਹਨ। ਜਿਵੇਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਆਪਣੀ ਜ਼ਿੰਦਗੀ ਦਾ ਹਰ ਪਲ ਹਾਇਕੂ ਹੁੰਦਾ ਹੈ ਪਰ ਹਰ ਪਲ ਸਾਨੂੰ ਯਾਦ ਨਹੀਂ ਰਹਿੰਦਾ ਪਰ ਕੁਝ ਪਲ ਐਸੇ ਹੁੰਦੇ ਹਨ ਜੋ ਸਾਨੂੰ ਤਾਅ-ਉਮਰ ਯਾਦ ਰਹਿੰਦੇ ਹਨ ਅਗਰ ਉਹਨਾਂ ਪਲਾਂ ਨੂੰ ਹਾਇਕੂ ਵਿੱਚ ਦਰਸਾਇਆ ਜਾਵੇ ਤਾਂ ਜ਼ਿਆਦਾ ਪ੍ਰਭਾਵਸ਼ਾਲੀ ਹੋਵੇਗਾ ਅਤੇ ਪਾਠਕ ਉਸਨੂੰ ਵੱਧ ਮਾਨਣਗੇ, ਇਹ ਮੇਰੀ ਨਿੱਜੀ ਸੋਚਣੀ ਹੈ। ਦੁਆਵਾਂ...!!!
  • Jatinder Lasara ਧੀਦੋ ਸਾਹਿਬ, ਤੁਹਾਡੇ ਤੋਂ ਹਮੇਸ਼ਾ ਕੁਝ ਸਿਖਿਆ ਹੈ। ਮੈਂ ਤੁਹਾਡੀ ਜਾਂ ਕਿਸੇ ਹੋਰ ਦੋਸਤ ਦੀ ਗੱਲ ਨੂੰ ਕੱਟਣ ਦੀ ਗ਼ੁਸਤਾਖੀ ਨਹੀਂ ਕੀਤੀ ਸਗੋਂ ਆਪਣੇ ਵਿਚਾਰ ਹੀ ਦਰਸਾਏ ਹਨ। ਤੁਸੀਂ ਸਭ ਸੂਝਵਾਨ ਇਨਸਾਨ ਹੋ। ਤੁਹਾਡੀ ਦੋਸਤੀ 'ਤੇ ਹਮੇਸ਼ਾ ਮਾਣ ਹੈ।
  • Sabi Nahal ਸੋਡੀ ਸਾਹਿਬ ਦਾ ਇਸ਼ਾਰਾ ਤਾਂ ਇਸ ਗਲ ਵਲ ਹੈ ਕੇ ਅੱਜ ਜੋ ਹਾਇਕੂ ਪੰਜਾਬੀ ਵਿਚ ਲਿਖੇ ਜਾ ਰਹੇ ਹਨ ਬਹੁਤਿਆਂ ਵਿਚ ਆਤਮਾ ਨਹੀ ਹੁੰਦੀ ...ਜਿਵੇਂ ਇੱਕ ਕਵੀ ਆਪਣੀ ਰਚਨਾ ਸਿਰਜਦਾ ਹੈ ਓਸ ਤਰਾਂ ਨਾਲ ਹਾਇਕੂ ਸਿਰਜੇ ਜਾਣ ...ਨਾ ਕੇ ਲਿਖੇ ਜਾਣ ..ਹਾਂ ਸਿਖਣ ਸਮੇ ਹਲਕੀ ਫੁਲ੍ਕੀ ਗੱਲ ਕੀਤੀ ਜਾ ਸਕਦੀ ਹੈ... ਹਾਇਕੂ ਅੰਦਰ ਅਸਲੀ ਵਾਹ ਵਾਹ ਹੋਵੇ ..ਕਵਿਤਾ ਵਰਗੀ ਰਵਾਨਗੀ ਹੋਵੇ .. ...ਇੱਕ ਹੋਰ ਗਲ ਜੇ ਪਰਮਿੰਦਰ ਹੋਣਾ ਇੱਕ ਆਪਣੇ ਵਲੋਂ ਹਲਕਾ ਹਾਇਕੂ ਪੇਸ਼ ਕਰ ਦਿਤਾ ਉਦਾਰਣ ਵਜੋਂ .. ਤੇ ਓਸ ਵਰਗੇ ਬੰਦੇ ਤੋਂ ਤਾਂ ਇਹ ਹੀ ਆਸ ਕੀਤੀ ਜਾ ਸਕਦੀ ਹੈ ਕੇ ਨਮੂਨਾ ਵੀ ਅਰਥ ਭਰਪੂਰ ਹੋ ਗਿਆ ..ਓਹਨਾ ਕੋਲੋ ਚਾਹ ਕੇ ਵੀ ਹਲਕੀ ਗੱਲ ਨਹੀ ਲਿਖੀ ਗਈ ..ਕਈ ਕਿਤਾਬਾਂ ਅੰਦਰ ਵਸੀਆਂ ਓਹਨਾ ਦੇ ...ਰਾਂਝਾ ਰਾਂਝਾ ਕਰਦੀ ਨੀ ਮੈ ਆਪੇ ਰਾਂਝਾ ਹੋਈ... ਵਾਲਾ ਕਮ ਹੋਇਆ ਪਿਆ
  • Kuljeet Mann ਦੋਸਤੋ ਬਿਮਾਰ ਹਾਂ, ਕੁਝ ਸਮੇਂ ਤੋਂ ਨਹੀ ਆ ਸਕਿਆ ਤੇ ਅੱਗੇ ਵੀ ਸ਼ਾਇਦ ਕੁਝ ਸਮਾਂ ਗੈਰ ਹਾਜ਼ਰ ਰਹਾਂ। ਪਰ ਇਹ ਵਾਰਤਾਲਾਪ ਦੇਖਕੇ ਰਿਹਾ ਨਹੀ ਗਿਆ। ਇਸਨੂੰ ਮੇਰਾ ਇਕਲੌਤਾ ਕਮੈਂਟ ਹੀ ਸਮਝਿਉ। ਹੋਰ ਨਹੀ ਲਿਖ ਸਕਾਂਗਾ। ਜੋ ਧੀਦੋ ਜੀ ਨੇ ਕਿਹਾ ਹੈ ਉਹ ਚਿੱਟੇ ਦਿਨ ਵਾਂਗ ਸਪਸ਼ਟ ਹੈ ਪਰ ਕੋਈ ਉਸਦਾ ਸਿੱਧਾ ਉੱਤਰ ਦੇਣ ਨੂੰ ਤਿਆਰ ਨਹੀ। ਜੇ ਹਾਇਕੂ ਗਰੁਪ ਦਾ ਇਹੋ ਮਕਸਦ ਸੀ ਤਾਂ ਕਈ ਸ਼ਕ ਵੀ ਉਤਪੰਨ ਹੁੰਦੇ ਹਨ। ਪਰਮਿੰਦਰ ਸੋਢੀ ਨੇ ਇੱਕ ਉਦਾਹਰਣ ਦਿੱਤੀ ਕਿ ਇਸ ਵਿਚ ਵਿਸਮਾਦ ਨਹੀ ਹੈ। ਗੱਲ ਵਿਸਮਾਦ ਦੀ ਨਹੀ ਗੱਲ ਪਰਮਿੰਦਰ ਸੋਢੀ ਨੂੰ ਕਟਣ ਦੀ ਹੈ ਤੇ ਇਹੋ ਰਾਜਨੀਤੀ ਹੈ ਜਿਸਦਾ ਹਾਇਕੂ ਨਾਲ ਕੋਈ ਸਬੰਧ ਨਹੀ ਜੁੜਦਾ। ਜੇ ਕਿਸੇ ਨੂੰ ਵਿਸਮਾਦ ਦਿਸਦਾ ਹੈ ਗਲੀ ਦੇ ਮੋੜ ਤਕ ਤਾਂ ਕਿਸੇ ਹੋਰ ਦਿਨ ਇਸ ਵਿਚੋਂ ਸਰੂਰ ਲੈ ਲੈਂਦਾ। ਬੜਾ ਅਫਸੋਸ ਹੈ ਕਿ ਅਸੀਂ ਸਪਸ਼ਟ ਗੱਲ ਵੀ ਨਹੀ ਕਰ ਸਕਦੇ। ਧੀਦੋ ਜੀ ਤੁਸੀਂ ਜੋ ਦੇਖਿਆ ਹੈ ਉਹੋ ਮੈਂ ਦੇਖਿਆ ਹੈ। ਸਾਥੀ ਜੀ ਤੇ ਗੁਰਮੀਤ ਸੰਧੂ ਨੇ ਵੀ ਉਹੋ ਦੇਖਿਆ ਹੈ।ਉਨ੍ਹਾਂ ਦਾ ਲਾਇਕ ਕਰਨਾ ਰਣਜੀਤ ਸਰਾ ਦੇ ਤਲਖ ਰਵੀਈਏ ਦੀ ਪ੍ਰੋੜਤਾ ਕਰਦਾ ਹੈ। ਬਹੁਤ ਅਫਸੋਸ ਹੈ, ਬਹੁਤ ਅਫਸੋਸ
  • Jatinder Lasara ਕੁਲਜੀਤ ਭਾਜੀ, ਰਣਜੀਤ ਭਾਜੀ ਦੀ ਟਿੱਪਣੀ ਨੂੰ ਦੇਖਣ ਦਾ ਨਜ਼ਰੀਆ ਸਭ ਦਾ ਵੱਖਰਾ-ਵੱਖਰਾ ਹੈ। ਮੇਰਾ ਕਿਸੇ ਨਾਲ ਵੀ ਕੋਈ ਨਿੱਜੀ ਟਕਰਾਵ ਨਹੀਂ ਹੈ। ਮੇਰਾ ਦ੍ਰਿਸ਼ਟੀਕੋਣ ਇਹ ਕਹਿੰਦਾ ਹੈ ਕਿ ਰਣਜੀਤ ਭਾਜੀ ਨੂੰ ਸੋਢੀ ਸਾਹਿਬ ਦਾ ਸਧਾਰਣ ਹਾਇਕੂ ਵੀ ਵਧੀਆ ਲੱਗਿਆ ਜੋ ਉਹਨਾਂ ਨੇ ਹੇਠਾਂ ਦਲੀਲ ਦੇ ਨਾਲ ਲਿਖਿਆ ਹੈ। ਸਾਥੀ ਸਾਹਿਬ ਦਾ ਜਾਂ ਕਿਸੇ ਵੀ ਹੋਰ ਦੋਸਤ ਦਾ ਰਣਜੀਤ ਜੀ ਦੀ ਟਿੱਪਣੀ ਨੂੰ ਪਸੰਦ ਕਰਨਾ ਵੀ ਮੈਂਨੂੰ ਸੁਭਾਵਿਕ ਹੀ ਲੱਗਿਆ ਕਿਉਂਕਿ ਅਗਰ ਸਾਥੀ ਸਾਹਿਬ ਦੀ ਪਹਿਲੀ ਟਿੱਪਣੀ ਦੇਖੀ ਜਾਵੇ ਤਾਂ ਉਹਨਾਂ ਨੇ ਸੋਢੀ ਸਾਹਿਬ ਦੀ ਪੂਰੀ ਤਰ੍ਹਾਂ ਪ੍ਰੋੜਤਾ ਨਹੀਂ ਸੀ ਕੀਤੀ ਜਿਸਨੂੰ ਉਹਨਾਂ ਵੀ ਦਲੀਲ ਦੇ ਨਾਲ ਹੀ ਆਖਿਆ ਸੀ। ਧੀਦੋ ਸਾਹਿਬ ਨੇ ਵੀ ਆਪਣੀ ਦਲੀਲ ਦੇ ਨਾਲ ਹੀ ਕਿਹਾ ਕਿ ਰਣਜੀਤ ਜੀ ਨੇ ਵਿਅੰਗ ਨਾਲ ਆਖਿਆ ਹੈ ਅਤੇ ਉਸੇ ਸੰਧਰਵ ਵਿੱਚ ਕੁਲਜੀਤ ਭਾਜੀ ਨੂੰ ਲੱਗਿਆ ਕਿ ਰਣਜੀਤ ਜੀ ਦਾ ਤਲਖ਼ ਰਵੱਈਆ ਹੈ। ਇਸਤੋਂ ਪਹਿਲਾਂ ਕਿ ਆਪਾਂ ਸਾਰੇ ਆਪਣੀ ਬਹਿਸ ਵਿੱਚ ਉਲ਼੍ਹਝੇ ਰਹੀਏ, ਰਣਜੀਤ ਜੀ ਨੂੰ ਸਾਹਮਣੇ ਆ ਕਿ ਸਪਸ਼ਟ ਕਰ ਦੇਣਾ ਚਾਹੀਦਾ ਹੈ ਕੀ ਇਹ ਸਭ ਉਹਨਾਂ ਵਿਅੰਗ 'ਚ ਹੀ ਕਿਹਾ ਹੈ ਜਾਂ ਮਹਿਜ਼ ਵਿਰੋਧ ਕਰਨ ਲਈ ਕਿਹਾ ਹੈ ਜਾਂ ਨਹੀਂ ਕਿਉਂਕਿ ਇਸ ਨਾਲ ਹੀ ਸਥਿਤੀ ਸਪਸ਼ਟ ਹੋ ਸਕਦੀ ਹੈ, ਨਹੀਂ ਤਾਂ ਮੈਂਨੂੰ ਤਾਂ ਇਹ ਪਾਣੀ ਵਿੱਚ ਮਧਾਣੀ ਹੀ ਲੱਗ ਰਹੀ ਹੈ।
    ਮੇਰੇ ਨਿੱਜੀ ਵਿਚਾਰ ਅਨੁਸਾਰ ਜੇ ਰਣਜੀਤ ਜੀ ਦੀ ਦਲੀਲ ਕਿ "ਅੱਗੇ ਘਾਟੀ ਦੇ ਡਰ ਨਾਲ ਵਾਪਿਸ ਮੁੜ ਆਇਆ" ਤਾਂ ਵੀ ਆਪਾਂ ਇਸ ਹਾਇਕੂ ਨੂੰ ਸ੍ਰੇਸ਼ਟ ਸ਼੍ਰੇਣੀ ਵਿੱਚ ਸ਼ਾਮਿਲ ਨਹੀਂ ਕਰ ਸਕਦੇ। ਸੋਢੀ ਸਾਹਿਬ ਅਨੁਸਾਰ ਬਹੁਤ ਪਾਠਕ ਕਹਿ ਸਕਦੇ ਹਨ, "So what?". ਮੇਰਾ ਨਿੱਜੀ ਵਿਚਾਰ ਇਹ ਵੀ ਹੈ ਕਿ ਅਗਰ ਘਾਟੀ ਨੂੰ ਦੇਖ ਕੇ ਮੁੜਿਆ ਹੈ ਤਾਂ ਘਾਟੀ ਦਾ ਜ਼ਿਕਰ ਹਾਇਕੂ 'ਚ ਹੋਣਾ ਚਾਹੀਦਾ ਸੀ।
  • Kuljeet Mann ਲਸਾੜਾ ਜੀ, ਇਹ ਸਾਡਾ ਰੋਜ਼ ਦਾ ਕੰਮ ਹੈ। ਰਣਜੀਤ ਸਰਾ ਮੇਰਾ ਦੋਸਤ ਤੇ ਅਜੀਜ ਹੈ। ਗਿਆਨਵਾਨ, ਵਧੀਆ ਹਇਜ਼ਨ ਹੈ। ਪਰ ਇਕੋ ਗੱਲ ਹੈ ਜੱਟਪੁਣਾ ਨਹੀ ਛਡਦਾ। ਅਸੀਂ ਝਲਦੇ ਹਾਂ ਕਦੇ ਕਦੇ ਕੁਝ ਕਹਿ ਵੀ ਦਈਦਾ ਹੈ। ਪਿੱਛੇ ਜਿਹੇ ਪਤਝੜ ਤੇ ਪਤਝੜੀ ਦਾ ਰੌਲਾ ਪੈ ਗਿਆ ਸੀ। ਛੇ ਮਹੀਨੇ ਇਸਨੇ ਪਤਝੜੀ ਤੇ --ਡਾਂਗ ਚਲਾਈ , ਤੇਗ ਵਾਹੀ-- ਵਾਲਾ ਕੰਮ ਕੀਤਾ ਸੀ। ਵਿੰਡ ਚਾਈਮ ਦੀ ਵੀ ਇਸਨੇ ਬੜੀ ਵਫਾ ਪਾਲੀ ਸੀ। ਸੋ ਕੋਈ ਅਨਹੋਣੀ ਨਹੀ ਹੋਈ। ਚਿੰਤਾ ਨਾ ਕਰੋ।
  • Jatinder Lasara ਕੁਲਜੀਤ ਭਾਜੀ ਨੋਕ-ਝੋਕ ਵੀ ਚੱਲਦੀ ਰਹਿਣੀ ਚਾਹੀਦੀ ਹੈ...!!! ਹੁਣ ਤੁਹਾਡੀ ਸਿਹਤ ਕਿੱਦਾਂ...!!! I hope you feel good.
  • Kuljeet Mann ਠੀਕ ਹੈ ਬਸ ਪਤਨੀ ਬੁੜਬੁੜ ਕਰਦੀ ਪਈ ਹੈ।
  • Ranjit Singh Sra ਸ਼ੁਕਰੀਆ Saabbi Naahhal ਜੀ ਮੇਰਾ ਨੁਕਤਾ ਸਮਝਣ ਲਈ !!
    ------------------------------------------------------------
    ਪੰਜਾਬੀ 'ਚ ਹਾਇਕੂ ਮਕਬੂਲ ਕਰਨ ਦਾ ਸਿਹਰਾ ਅਮਰਜੀਤ ਸਾਥੀ ਦੀ ਮਿਹਨਤ ਅਤੇ ਸਿਰੜ ਨੂੰ ਜਾਂਦਾ ਹੈ ਪਰ ਓਨ੍ਹਾਂ ਦੀ ਹਾਇਕੂ ਨਾਲ ਜਾਣ ਪਹਿਚਾਣ ਪਰਮਿੰਦਰ ਸੋਢੀ ਦੀ ਕਿਤਾਬ ਜਪਾਨੀ ਹਾਇਕੂ ਸ਼ਾਇਰੀ ਨੇ ਕਰਵਾਈ,, ਸੋ ਕਹਿ ਸਕਦੇ ਹਾਂ ਕਿ ਸੋਢੀ ਜੀ ਪੰਜਾਬੀਆਂ 'ਚ ਹਾਇਕੂ ਲੈਕੇ ਆਏ| ਇਹੀ ਕਾਰਨ ਹੈ ਕਿ ਪਿਛਲੇ ਦੋ ਸਾਲ ਤੋਂ ਮੈਂ ਓਨ੍ਹਾਂ ਦਾ ਜਨਮ ਦਿਨ ਪੰਜਾਬੀ ਹਾਇਕੂ ਤੇ ਸਾਂਝਾ ਕਰ ਰਿਹਾ ਹਾਂ ,, ਮੈਂ ਓਨ੍ਹਾਂ ਪਰਤੀ ਕਿਵੇਂ ਤਲਖ ਹੋ ਸਕਦਾ ਹਾਂ !!
    ਲਸਾੜਾ ਜੀ ਸਮੇਤ ਸਭ ਦਾ ਧੰਨਵਾਦ ਜੀ !
  • Amarjit Sathi Tiwana ਮੈਂ ਵੀ ਉਡੀਕ ਰਿਹਾ ਸੀ ਕਿ ਸਰਾ ਸਾਹਿਬ ਆਉਣ ਅਤੇ ਅਪਣੇ ਵਿਚਾਰ ਸਾਂਝੇ ਕਰਨ। ਮੈਂ ਜਾਤੀ ਤੌਰ ਤੇ ਸੋਢੀ ਸਾਹਿਬ ਦਾ ਬਹੁਤ ਰਿਣੀ ਹਾਂ ਕਿ ਮੈਨੂੰ ਹਾਇਕੂ ਬਾਰੇ ਜਾਣਕਾਰੀ ਉਨ੍ਹਾਂ ਦੀ ਪੁਸਤਕ ਪੜ੍ਹਕੇ ਹੀ ਮਿਲੀ। ਉਨ੍ਹਾਂ ਪੰਜਾਬੀ ਪਾਠਕਾਂ ਅਤੇ ਲੇਖਕਾਂ ਨੂੰ ਹਾਇਕੂ ਵਬਾਰੇ ਬਡਮੁੱਲੀ ਜਾਣਕਾਰੀ ਉਪਲਭਤ ਕੀਤੀ। ਇਹ ਉਸ ਜਾਣਕਾਰੀ ਦਾ ਸਦਕਾ ਹੀ ਹੈ ਕਿ ਪੰਜਾਬੀ ਭਾਸ਼ਾ ਵਿਚ ਹਾਇਕੂ ਪ੍ਰਫੁੱਲਤ ਹੋਈ ਹੈ। ਉਨ੍ਹਾਂ ਦੀ ਪੁਸਤਕ 'ਜਾਪਾਨੀ ਹਾਇਕੂ ਸ਼ਾਇਰੀ' ਪੰਜਾਬੀ ਸਾਹਿਤ ਨੂੰ ਦਿੱਤੀ ਇਕ ਬਡਮੁਲੀ ਸੁਗਾਤ ਹੈ। ਇਹ ਪੁਸਤਕ ਹਰ ਪੰਜਾਬੀ ਹਾਇਕੂ ਲੇਖਕ ਕੋਲ ਜਰੂਰ ਹੋਣੀ ਚਾਹੀਦੀ ਹੈ। ਮੇਰਾ ਵਿਚਾਰ ਹੈ ਕਿ ਧੀਦੋ ਗਿੱਲ ਸਾਹਿਬ ਅਤੇ ਕੁਲਜੀਤ ਮਾਨ ਸਾਹਿਬ ਨੇ ਸ਼ਾਇਦ ਸਰਾ ਸਾਹਿਬ ਦੇ ਵਿਚਾਰਾਂ ਨੂੰ ਕੁਝ ਵੱਖਰੇ ਰੰਗ ਵਿਚ ਪੜ੍ਹਿਆ ਹੈ। ਉਹ ਦੋਨੋ ਸੱਜਣ ਸੁਹਿਰਦ ਅਤੇ ਵਿਦਵਾਨ ਲੇਖਕ ਹਨ। ਅਸੀਂ ਉਨ੍ਹਾਂ ਦੇ ਵਿਚਾਰਾਂ ਦਾ ਵੀ ਸਤਿਕਾਰ ਕਰਦੇ ਹਾਂ। ਧੰਨਵਾਦ ਲਸਾੜਾ ਸਾਹਿਬ।
    ਬਸ ਇਕ ਬੇਨਤੀ ਜਰੂਰ ਹੈ ਕਿ ਗਰੁੱਪ ਦੀ ਵਾਲ 'ਤੇ ਵਿਚਾਰ ਵਟਾਂਦਰੇ ਦੀ ਸੁਰ ਸਹਿਣਸ਼ੀਲ ਰੱਖੀ ਜਾਵੇ।
  • Amarjit Sathi Tiwana ਸਤਿਕਾਰਯੋਗ ਦੋਸਤੋ ਸਰਾ ਸਾਹਿਬ ਨੇ ਅਪਣੀ ਟਿੱਪਣੀ ਬਾਰੇ ਵਿਚਾਰ ਸਾਂਝੇ ਕਰ ਲਏ ਹਨ। ਇਸ ਲਈ ਬੇਨਤੀ ਹੈ ਕਿ ਇਸ ਮਸਲੇ ਨੂੰ ਹੋਰ ਨਾ ਵਧਾਇਆ ਜਾਵੇ। ਆਓ ਹਾਇਕੂ ਸਿਰਜਣਾ ਵਲ ਧਿਆਨ ਦੇਈਏ। ਪ੍ਰਬੰਧਕਾਂ ਨੂੰ ਇਸ ਮਸਲੇ 'ਤੇ ਕੀਤੀ ਟਿੱਪਣੀ ਡਿਲੀਟ ਕਰਨ ਲਈ ਮਜਬੂਰ ਨਾ ਕੀਤਾ ਜਾਵੇ।
  • Gurmeet Sandhu ਮੈਂ ਇਸ ਪੋਸਟ ਤੋਂ ਆਪਣੀਆਂ ਸਾਰੀਆਂ ਟਿੱਪਣੀਆਂ ਹਟਾ ਦਿੱਤੀਆਂ ਹਨ, ਰਣਜੀਤ ਸਰਾਂ ਜੀ ਦੀ ਟਿਪੱਪਣੀ ਤੋਂ ਲਾਈਕ ਕਲਿਕ ਸਮੇਤ...
  • Harwinder Tatla ਜ਼ਿੰਦਗੀ ਬਹੁਤ ਛੋਟੀ ਹੈ
    ਆਓ ਹਾਇਕੂ ਲਿਖੀਏ
  • Raghbir Devgan ਸੰਧੂ ਸਾਹਿਬ,"ਮੈਂ ਇਸ ਪੋਸਟ ਤੋਂ ਆਪਣੀਆਂ ਸਾਰੀਆਂ ਟਿੱਪਣੀਆਂ ਹਟਾ ਦਿੱਤੀਆਂ ਹਨ, ਰਣਜੀਤ ਸਰਾਂ ਜੀ ਦੀ ਟਿਪੱਪਣੀ ਤੋਂ ਲਾਈਕ ਕਲਿਕ ਸਮੇਤ..." ਅਜਿਹਾ ਤੁਸੀ ਕਿਉ ਕੀਤਾ ਹੈ? Please don't do that I always look for your new haiku on this site including comments.
  • Dalvir Gill Amarjit Sathi : "ਜਿਊਂ ਹੀ ਹਾਇਕੂ ਜਾਪਾਨ ਦੀਆਂ ਹੱਦਾਂ ਪਾਰ ਕਰ ਕੇ ਹੋਰ ਦੇਸ਼ਾਂ, ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਸੰਪਰਕ ਵਿਚ ਆਈ ਇਸ ਦੇ ਵਿਸ਼ੇ ਵਸਤੂ ਵਿਚ ਵੀ ਵਿਸਥਾਰ ਹੋਇਆ ਹੈ। ਇਸ ਵਿਚ ਧਾਰਮਕ, ਆਰਥਕ, ਸਮਾਜਕ, ਮਨੋਵਿਗਿਆਨਕ, ਮਨੁੱਖੀ ਰਿਸ਼ਤੇ ਅਤੇ ਵਾਤਾਵਰਨ ਦੀਆਂ ਸਮੱਸਿਆਵਾਂ ਦੀ ਝਲਕ ਵੀ ਆਉਣ ਲੱਗ ਪਈ ਹੈ। ਨਵੀਂ ਹਾਇਕੂ ਪਰੰਪਰਿਕ ਹਾਇਕੂ ਦਾ ਇਕ ਨਵਾਂ ਰੂਪ ਹੈ। ਇਹ ਵਿਸ਼ੇ-ਵਸਤੂ ਪਖੋਂ ਬਹੁਤ ਵਿਸ਼ਾਲ ਹੈ ਅਤੇ ਇਸ ਵਿਚ ਉਹ ਵਿਸ਼ੇ ਵੀ ਸ਼ਾਮਲ ਹਨ ਜੋ ਪਰੰਪਰਿਕ ਹਾਇਕੂ ਵਿਚ ਵਰਜਤ ਸਨ" ............. Shiki did that too. We can't think outside the box, which western scholars have made for us. Sodhi Parminder is not saying anything new but it feels new because we are familiar only with the Parody of Haiku, we have promoted that. I understand if mere mention of Tao-Zen irritates us but if poet can be "socialist-realistic", "romantic", "religious" and so on, meaning "Ideology" can interfere and provide the base for a poem, then why can't it be so in the case of a haiku. "ਗਰਮੀ ਦਾ ਮੌਸਮ / ਮੋੜ ਤਕ ਜਾਕੇ /ਮੁੜ ਆਇਆ ਘਰ" is not a haiku only because it's talking about the same "internal -dialogue", Haiku want's to end. Have we noticed that when ever we talk on the same topic, our approach is different every time, only because it's not the issue we face but the personality pointing towards that issue. Sodhi Veer offered to move further but Sathi Sahib says no that we are content with whatever we are doing. Sodhi hasn't said anything about the subject or subject matter of Haiku. Swaran Singh pointed on talking about Sra's post of Jane"Something fishy about haiku" that MORE THAN THE FORM OF HAIKU, IT'S ABOUT "BECOMING" THAT PERSON THROUGH WHOM HAIKU WILL APPEAR. That becoming, he said, needs many things but first and foremost it needs HUMILITY . WE need to unlearn what we have learnt with so many hardships. Haiku was, is and only can be a device to change our own self. all these dick whytes are not practicing what they are preaching ( I can post the links to their pages/groups/sites. and now we rub elbows with them everyday on FB ). The western scholar can come up with similar things when "researching" Tappa or any other folk form. This study of "Subject" and then the broadening/widening of the "Subject" of Haiku is just an illusion. Punjabi mindset can understand haiku ( that's why can create as well ) better than a western mind just because it has a background of Advaita/Buddhism/Gurbani, a non-dual and non-judgmental approach to life. If this world-view is not cultivated one can never become a hiazen ( haijin, maybe ) no matter how rigid the rules are made and followed. IKK NUKTE TE GLL MUKDEE AI. Gll kriya kro, larhn naa baith jaia kro. Love to all.
  • Amarjit Sathi Tiwana ਧੰਨਵਾਦ ਦਲਵੀਰ ਗਿੱਲ ਸਾਹਿਬ। ਪਹਿਲਾਂ ਤਾਂ ਮੈਂ ਤੁਹਾਡੇ ਕੋਲੌ ਮੁਆਫੀ ਚਾਹੁੰਦਾ ਹਾਂ ਜੇ ਤੁਸਾਂ ਮੇਰੀ ਟਿੱਪਣੀ ਵਿਚ ਕਿਤੇ ਇਹ ਲਿਖਿਆ ਵੀ ਪੜ੍ਹਿਆ ਹੈ। "Sodhi Veer offered to move further but Sathi Sahib says no that we are content with whatever we are doing."
    ਮੈਂ ਕਿਤੇ ਨਹੀਂ ਕਿਹਾ ਕਿ ਅਸਾਂ ਸਿੱਖਣਾ ਬੰਦ ਕਰ ਦਿੱਤਾ ਹੈ। ਸਗੋਂ ਮੈਂ ਤਾਂ ਲਿਖਿਆ ਹੈ : "ਇਹ ਵੀ ਬੜੀ ਚੰਗੀ ਗੱਲ ਹੈ ਕਿ ਉਸਨੂੰ (ਲੇਖਕ) "ਜਪਾਨੀ ਜ਼ੇਨ-ਬੁੱਧਵਾਦ'' ਅਤੇ ''ਚੀਨੀ ਦਰਸ਼ਨ ਤਾਓਵਾਦ'' ਦਾ ਵੀ ਗਹਿਰਾ ਗਿਆਨ ਹੋਵੇ।"
    ਮੈਨੂੰ ਹਾਇਕੂ ਦੇ ਦਰਸ਼ਨ ਪਰਮਿੰਦਰ ਸੋਢੀ ਹੋਰਾਂ ਦੀ ਪੁਸਤਕ ਰਾਹੀਂ ਹੀ ਹੋਏ ਜੋ 2003 ਵਿਚ ਸਬੱਬ ਨਾਲ਼ ਹੀ ਮੈਨੂੰ ਮਿਲ ਗਈ ਸੀ। ਮੈਂ ਅਤੇ ਕੁਲਜੀਤ ਮਾਨ 'ਪੰਜਾਬੀ ਕਲਮਾਂ ਦਾ ਕ਼ਾਫਲਾ' ਟਰਾਂਟੋ ਦੇ ਸੰਚਾਲਕ ਸਾਂ ਅਤੇ ਅਸਾਂ ਕੁਝ ਕਿਤਾਬਾਂ ਪੰਜਾਬੀ ਲੇਖਕ ਜਿੰਦਰ ਕੋਲੋਂ ਬੁੱਕ ਕਲੱਬ ਲਈ ਮੰਗਵਾਈਆਂ ਸਨ। ਜਿਨ੍ਹਾ ਵਿਚ ਸੋਢੀ ਸਾਹਿਬ ਦੀ ਪੁਸਤਕ 'ਜਾਪਾਨੀ ਹਾਇਕੂ ਸ਼ਾਇਰੀ' ਵੀ ਸੀ ਜੋ ਮੈਂ ਲੈ ਲਈ। ਪਤਾ ਨਹੀਂ ਹਾਇਕੂ ਨੇ ਮੈਨੂੰ ਲੱਭ ਲਿਆ ਜਾਂ ਮੈਂ ਹਾਇਕੂ ਲੱਭ ਲਈ। ਮੈਂ ਹਾਇਕੂ ਦਾ ਸੇਵਕ ਬਣ ਗਿਆ। ਜਿਨ੍ਹਾਂ ਹਾਇਕੂਆਂ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਉਹ ਸਾਰੇ ਜ਼ੇਨ ਧਾਰਨਾ ਨਾਲ਼ ਜੁੜੇ ਹੋਏ ਸਨ:
    ਤੁਰਾਂ ਤਾਂ ਵੀ
    ਬੈਠਾਂ ਤਾਂ ਵੀ
    ਘਾਹ ਉੱਗਦਾ ਰਿਹਾ
    ****
    ਮੈਨੂੰ ਨਹੀਂ ਪਤਾ
    ਕਿਹੜੇ ਬਿਰਖ ਤੋਂ ਆ ਰਹੀ
    ਇਹ ਖੁਸ਼ਬੂ
    ਅਤੇ ਬਹੁਤ ਸਾਰੀਆਂ ਹੋਰ। ਮੈਂ ਕੀਲਿਆ ਗਿਆ ਅਤੇ ਸਿਰਫ ਹਾਇਕੂ ਹਾਇਕੂ ਹੀ ਕਰਨ ਲੱਗਾ। ਜੋ ਹਾਇਕੂ ਮੈਂ ਮੁੱਢ ਵਿਚ ਲਿਖੇ ਉਨ੍ਹਾਂ ਨੂੰ ਪੜ੍ਹਕੇ ਕੋਈ ਵੀ ਇਹੋ ਕਹੇਗਾ: so what/then what. (ਇਸ ਦਾ ਭਾਵ ਇਹ ਨਹੀਂ ਕਿ ਹੁਣ ਮੈਂ ਵਧੀਆ ਹਾਇਕੂ ਲਿਖਣ ਲੱਗ ਗਿਆ ਹਾਂ) ਪਰ ਮੈਂ ਅਪਣੀ ਸਾਧਨਾ ਜ਼ਾਰੀ ਰੱਖੀ ਅਤੇ ਅੱਜ ਵੀ ਹੋਰ ਰੋਜ਼ ਵਿਦਵਾਨ ਮਿੱਤਰਾਂ, ਪੁਸਤਕਾਂ ਅਤੇ ਇੰਟਰਨੈੱਟ ਤੋਂ ਬਹੁਤ ਕੁਝ ਸਿਖ ਰਿਹਾ ਹਾਂ।
    ਸੋਢੀ ਸਾਹਿਬ ਦੀ ਲਿਖੀ ਰਚਨਾ:
    ਗਰਮੀ ਦਾ ਮੌਸਮ --
    ਮੋੜ ਤੱਕ ਜਾਕੇ
    ਮੁੜ ਆਇਆ ਘਰ
    ਜਦੋਂ ਸਰਾ ਸਾਹਿਬ ਨੇ ਪੋਸਟ ਕੀਤੀ ਮੈਨੂੰ ਚੰਗੀ ਲੱਗੀ ਅਤੇ ਮੈਂ ਲਾਈਕ ਟਿੱਕ ਕੀਤਾ। ਬੇਸ਼ਕ ਇਹ ਰਚਨਾ ਜੀਵਨ ਦੀ ਬੜੀ ਸਾਧਾਰਨ ਜਿਹੀ ਘਟਨਾ 'ਤੇ ਅਧਾਰਤ ਹੈ ਅਤੇ ਪੜ੍ਹਿਆਂ ਕੋਈ ਵਧੀਆ ਰਚਨਾ ਨਹੀਂ ਲਗਦੀ। ਪਰ ਹਰ ਪਾਠਕ ਹਾਇਕੂ ਨੂੰ ਅਪਣੇ ਗਿਆਨ ਅਤੇ ਅਨੁਭਵ ਅਨੁਸਾਰ ਸਮਝਦਾ ਹੈ। ਦੁਬਾਰਾ ਇਸ ਹਾਇਕੂ ਨੂੰ ਪੜ੍ਹਿਆਂ ਮੇਰੀ ਤੁੱਛ ਬੁੱਧੀ ਅਨੁਸਾਰ ਮੈਨੂੰ ਇਸ ਵਿਚ ਕੁਝ ਹੋਰ ਵੀ ਗਹਿਰਾ implied ਲਗਦਾ ਹੈ। ਇਹ ਮੇਰੀ ਨਿੱਜੀ ਪਸੰਦ ਹੈ। ਪਰ ਅਫਸੋਸ ਕਿ ਕੁਝ ਸੁਹਿਰਦ ਮੈਂਬਰਾਂ ਨੇ ਮੇਰੇ ਲਾਈਕ ਟਿੱਕ ਕਰਨ ਨੂੰ ਸੋਢੀ ਸਾਹਿਬ ਦੇ ਕਹੇ ਨੂੰ ਕਾਟ ਕਰਨਾ ਕਿਹਾ। ਮੇਰੀ ਇਸ ਤਰਾਂ ਦੀ ਕੋਈ ਇੱਛਾ ਨਹੀਂ ਸੀ।
    ਦਲਵੀਰ ਗਿੱਲ ਸਾਹਿਬ ਹਾਇਕੂ ਪ੍ਰਤੀ ਤੁਹਾਡੀ ਧਾਰਨਾ ਅਤੇ ਮੇਰੇ ਵਿਚਾਰਾਂ ਵਿਚ ਬਹੁਤ ਅੰਤਰ ਹੈ। ਤੁਹਾਨੂੰ ਅਪਣੇ ਵਿਚਾਰ ਰੱਖਣ ਦਾ ਹੱਕ ਹੈ ਅਤੇ ਮੈਨੂੰ ਅਪਣੇ। ਪਰ ਕਿਰਪਾ ਕਰ ਕੇ ਇਸ ਅੰਤਰ ਨੂੰ ਵਿਵਾਦ ਦਾ ਵਿਸ਼ਾ ਨਾ ਬਣਾਇਆ ਜਾਵੇ।
    ਪੰਜਾਬੀ ਹਾਇਕੂ ਦਾ ਉਦੇਸ਼ ਹਾਇਕੂ ਸਿਖਣਾ ਸਿਖਾਣਾ ਹੈ। ਮੇਰਾ ਵਿਸ਼ਵਾਸ਼ ਹੈ ਕਿ ਗਰੁੱਪ ਹਾਇਕੂ ਦੇ ਬੁਨਿਆਦੀ ਨੁਕਤੇ ਸਮਝਾਉਣ ਵਿਚ ਕਾਫੀ ਸਫਲ ਰਿਹਾ ਹੈ। ਜਿਸ ਦਾ ਸਦਕਾ ਅੱਜ ਹਜਾਰਾਂ ਪੰਜਾਬੀ ਪਾਠਕਾਂ ਅਤੇ ਲੇਖਕਾਂ ਨੂੰ ਹਾਇਕੂ ਬਾਰੇ ਕੁਝ ਜਾਣਕਾਰੀ ਹੋ ਗਈ ਹੈ। ਹਰ ਰੋਜ਼ ਨਵੇਂ ਮੈਂਬਰ ਬਣ ਰਹੇ ਹਨ ਅਤੇ ਹਾਇਕੂ ਬਾਰੇ ਮੁਢਲੀ ਜਾਸਣਕਾਰੀ ਹਾਸਲ ਕਰ ਰਹੇ ਹਨ। ਇਸ ਤੋਂ ਅੱਗੇ ਹਰ ਲੇਖਕ ਦੀ ਅਪਣੀ ਸਾਧਨਾ ਅਤੇ ਸਮਰੱਥਾ 'ਤੇ ਨਿਰਭਰ ਕਰਦਾ ਹੈ ਕਿ ਉਹ ਹਾਇਕੂ ਜ਼ੇਨ ਅਨੁਭਵ ਦੇ ਪ੍ਰਗਟਾ ਲਈ ਲਿਖਦਾ ਹੈ ਜਾਂ ਹਾਇਕੂ ਨੂੰ ਇਕ ਕਾਵਿਕ ਰੂਪ ਸਮਝਕੇ ਅਪਣੇ ਅਨੁਭਵ ਪਾਠਕਾਂ ਨਾਲ਼ ਸਾਂਝੇ ਕਰਨ ਲਈ ਲਿਖਦਾ ਹੈ।
  • Dhido Gill ਸਾਥੀ ਸਾਹਬ.....ਬੱਸ ਗੱਲ ਏਨੀ ਕੁ ਹੀ ਸੀ ਕਿ ਜਿਸ ਤਿੰਨ ਲਾਈਨਾਂ ਦੇ ਸ਼ਬਦ ਜੋੜ ਨੂੰ ਤੁਸੀਂ ਸਮੇਤ ਸਰਾਂ ਸਾਹਬ ਇੱਕ ਚੰਗਾ ਹਾਇਕੂ ਸਮਝਦੇ ਹੋ ਉਸ ਰਚਨਾ ਨੂੰ ਪ੍ਰਮਿੰਦਰ ਸੋਢੀ ਹੋਰੀਂ ਅਣ ਹਾਇਕੂ ਰਚਨਾ ਸਮਝਦੇ ਹਨ...ਇਹ ਇੱਕ ਸਹਿਤਕ ਮਿਆਰ ਦੀ ਪੁਜੀਸ਼ਨ ਦਾ ਸਵਾਲ ਹੈ..... ਹਾਂ ਪਸੰਦ ਆਪੋ ਅਪਣੀ....ਏਸ ਹਵਾਲੇ ਨਾਲ ਮੇਰੀ ਗੱਲ ਏਥੇ ਖਤਮ ਹੈ...ਧੰਨਵਾਦ
    {ਗਰਮੀ ਦਾ ਮੌਸਮ --
    ਮੋੜ ਤੱਕ ਜਾਕੇ
    ਮੁੜ ਆਇਆ ਘਰ
    ਜਦੋਂ ਸਰਾ ਸਾਹਿਬ ਨੇ ਪੋਸਟ ਕੀਤੀ ਮੈਨੂੰ ਚੰਗੀ ਲੱਗੀ ਅਤੇ ਮੈਂ ਲਾਈਕ ਟਿੱਕ ਕੀਤਾ। ਬੇਸ਼ਕ ਇਹ ਰਚਨਾ ਜੀਵਨ ਦੀ ਬੜੀ ਸਾਧਾਰਨ ਜਿਹੀ ਘਟਨਾ 'ਤੇ ਅਧਾਰਤ ਹੈ ਅਤੇ ਪੜ੍ਹਿਆਂ ਕੋਈ ਵਧੀਆ ਰਚਨਾ ਨਹੀਂ ਲਗਦੀ। ਪਰ ਹਰ ਪਾਠਕ ਹਾਇਕੂ ਨੂੰ ਅਪਣੇ ਗਿਆਨ ਅਤੇ ਅਨੁਭਵ ਅਨੁਸਾਰ ਸਮਝਦਾ ਹੈ। ਦੁਬਾਰਾ ਇਸ ਹਾਇਕੂ ਨੂੰ ਪੜ੍ਹਿਆਂ ਮੇਰੀ ਤੁੱਛ ਬੁੱਧੀ ਅਨੁਸਾਰ ਮੈਨੂੰ ਇਸ ਵਿਚ ਕੁਝ ਹੋਰ ਵੀ ਗਹਿਰਾ implied ਲਗਦਾ ਹੈ।.............ਅਮਰਜੀਤ ਸਾਥ ਜੀ ਦੇ ਕਾਮੈਂਟ ਵਿੱਚੋਂ }
  • Amarjit Sathi Tiwana ਧੰਨਵਾਦ ਗਿੱਲ ਸਾਹਿਬ।
  • Dalvir Gill ਟਿਵਾਣਾ ਸਾਹਿਬ ਮੈਂ ਸਿਰਫ ਇਹੋ ਕਹਿਣ ਦੀ ਕੋਸ਼ਿਸ਼ ਕੀਤੀ ਹੈ ( ਸਦਾ ਵਾਂਗ ਅੱਜ ਵੀ ) ਕਿ ਹਰ ਸਵਾਲ ਦੇ ਸਾਡੇ ਕੋਲ ਘੜੇ ਘੜਾਏ ਉੱਤਰ ਪਏ ਹਨ "ਜਿਊਂ ਹੀ ਹਾਇਕੂ ਜਾਪਾਨ ਦੀਆਂ ਹੱਦਾਂ ਪਾਰ ਕਰ ਕੇ ਹੋਰ ਦੇਸ਼ਾਂ, ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਸੰਪਰਕ ਵਿਚ ਆਈ ਇਸ ਦੇ ਵਿਸ਼ੇ ਵਸਤੂ ਵਿਚ ਵੀ ਵਿਸਥਾਰ ਹੋਇਆ ਹੈ..... "
    ਬਾਸ਼ੋ
    ਤੋ ਇੱਸਾ ਤਕ ਹੀ ਵਿਸ਼ੇ-ਵਸਤੂ ਦੀ ਤਬਦੀਲੀ ਦਾ ਪਤਾ ਚਲਦਾ ਹੈ l ਇਹ ਸਿਰਫ਼ ਪਛਮੀ ਬਹਾਨੇਬਾਜ਼ੀ ਹੈ ( ਜਿਵੇਂ ਇੱਕ ਪੂਰਵੀ ਮਨ ਸਾਮੀ ਧਰਮਾਂ ਦੀ ਫ੍ਰੀ-ਵਿਲ free-will ਕਦੇ ਨਹੀਂ ਸਮਝ ਸਕਦਾ ) l
    ਹਾਇਕੂ ਜਾਪਾਨ ਦੀਆਂ ਹੱਦਾਂ ਜੇਨ ਤੋਂ ਪਹਿਲਾਂ ਨਹੀਂ ਟੱਪਿਆ i ਡੀ ਟੀ ਸੁਜ਼ੂਕੀ ( ਜੋ Soyen Shaku ਦਾ ਚੇਲਾ ਸੀ ਤੇ ਉਸਨੇ ਹੀ ਇਸਦੇ ਮੁਢਲੇ ਜਾਪਾਨੀ ਲੇਖਾਂ ਨੂੰ ਅੰਗ੍ਰੇਜ਼ੀ ਵਿਚ ਉਲਾਥਿਆ ) ਦੇ ਹੀ ਸਾਰੇ ਪੁਆੜੇ ਪਾਏ ਹਨ l ਉਸੇ ਦੀਆਂ ਲਿਖਤਾਂ ਵਿਚ ਹਾਇਕੂ ਵੜਿਆ ਰਹਿੰਦਾ ਸੀ ( ਦੂਸਰੀ ਮਹਾਂ ਜੰਗ ਸਮੇਂ ਸਮੁਰਾਈ ਯੋਧਿਆਂ ਦੀ ਜਾਪਾਨ ਨੂੰ ਦੇਣ ਕਾਰਣ ਪਛਮ ਜੇਨ ਦੇ "ਤੱਤ" ਨੂੰ ਕਦੇ ਮੁਆਫ ਨਹੀਂ ਕਰਨ ਲਗਿਆ ) l ਇੰਨਾ ਕੁ ਤਾਂ ਸਾਫ਼ ਹੀ ਹੈ ਕਿ ਹਰ ਵਿਧਾ ਹੀ ਅੰਗ੍ਰੇਜ਼ੀ ਵਿਆਕਰਨ ਜਾਂ ਅੰਗ੍ਰੇਜ਼ੀ ਵਿਆਖਿਆ ਪ੍ਰਣਾਲੀਆਂ/ ਸਾਹਿਤਿਕ ਸੰਦਾਂ ਨਾਲ ਨਹੀਂ ਪੜ੍ਹੀ/ਸਮਝੀ ਜਾ ਸਕਦੀ [ ਤੁਹਾਨੀ ਯਾਦ ਹੋਵੇਗਾ ਕੀ ਜਦੋਂ ਸ਼ੁਰੂ ਵਿਚ ਗੋਰੇ ( ਜੋ ਕਿ ਸੰਸਕ੍ਰਿਤ ਦੇ ਵੀ ਵਿਦਵਾਨ ਸਨ ) ਸਿਖ ਧਰਮ ਗਰੰਥ ਦੀ ਵਿਆਖਿਆ ਕਰਨ ਲਗੇ ਤਾਂ ਓਹਨਾਂ ਦੇਖਿਆ ਕੀ ਇਹ ਸੰਸਕ੍ਰਿਤ ਦੇ ਵਿਆਕਰਣ ਨੂੰ ਨਹੀਂ ਮੰਨਦਾ ਤੇ ਓਹਨਾ ਨੇ "ਗੁਰਬਾਣੀ ਵਿਆਕਰਣ" ਦੇ ਕੁਝ ਅਸੂਲ ਥਾਪੇ ਜਿਹਨਾ ਉਪਰ ਬਾਹਦ ਵਿਚ ਕੁਝ ਸਿਖ ਵਿਦਵਾਨਾਂ ਕੰਮ ਕੀਤਾ ]

    ਹਾਇਕੂ ਤੇ ਜੇਨ ਨੂੰ ਅਲਗ ਕਰ ਕੇ ਕੁਝ ਵੀ ਨਹੀਂ ਸਮਝਿਆ ਜਾ ਸਕਦਾ l ਲੜ੍ਹ ਛਡਕੇ ਬੰਨੀ ਪੱਗ ਤੇ ਚਾਦਰੇ ਤੋਂ ਇੱਕ ਪੰਜਾਬੀ ਦੇ ਮਨ ਵਿਚ ਝਾਤੀ ਪਾਈ ਜਾ ਸਕਦੀ ਹੈ ਕੀ ਇਹ ਖੁੱਲੇ ਮਨ ਦੇ ਲੋਕ ਹਨ, ਖੁੱਲੇ-ਡੁੱਲੇ ਮਨ ਦੇ ਲੋਕਾਂ ਦਾ ਪਹਿਰਾਵਾ ਇੰਝ ਦਾ ਹੀ ਹੋਵੇਗਾ l ਪਰ ਜੇ ਕੋਈ ਕਹੇ ਕੀ ਚਾਦਰਾ ਤੇ ਲੜ੍ਹ ਛੱਡ ਬੰਨਿਆਂ ਪੱਗੜ੍ਹ, ਕਿਸੇ ਦਾ ਮਨ ਵੀ ਖੁੱਲਾ ਡੁੱਲਾ ਬਣਾ ਦੇਵੇਗਾ .....
    ਕਿਓੰਕੇ ਇਸ ਤਰਾਂ ਦੇ ਹਾਇਕੂ ( ਸਮੇਤ ਕਿਗੋ, ਫ੍ਰੇਜ਼-ਫ੍ਰੇਗ੍ਮੇੰਟ ਆਦਿ ) ਲਿਖੋ ਤੇ ਤੁਹਾਡਾ ਮਨ ਇਕਾਗਰਤਾ ਵਾਲਾ ਹੋ ਜਾਵੇਗਾ ਨਾਲੋਂ ਇਸ ਮਨ ਦੀ ਕੀ ਮੁਰਮੰਤ ਹੋਵੇ ਕੇ ਇਸ ਵਿਚੋਂ ਹਾਇਕੂ ਪੈਦਾ ਹੋਣ -- ਕੁਲ ਮਸਲਾ ਹੈ ll ((((((( cont. in next comment ))))))
  • Dalvir Gill ਲਿਖਣ ਵਾਲਿਆਂ ਲਿਖਦੇ ਰਹਿਣਾ ਹੈ ਓਹ ਨਹੀਂ ਮਸਲਾ l ਪਰ, ਇਹ ( ਕਿਸੇ ਵੀ ਤਰਾਂ ਦੀ ਲਿਖਤ ਵਾਂਗ ਇਹ ਸਿਰਫ ਲਿਖਾਰੀ ਦੇ ਮਨ ਦਾ ਹੀ ਪਸਾਰ ਹੋਵੇਗਾ ) l
    ਸੋਢੀ ਵੀਰੇ ਨੇਂ ਇੱਕ ਮੁਢਲੀ ਗੱਲ ਛੋਹੀ ਹੈ ਕਿ "ਆਪਾਂ ਪੰਜਾਬੀ ਹਾਇਕੂ ਵਾਲੇ ਇਸਦੇ "ਰੂਪ" ( ਓਹਨਾਂ ਦਾ ਪਹਿਲਾ ਪਤ੍ਰ ) ਨੂੰ ਕਾਫੀ ਹੱਦ ਤੱਕ ਸਮਝ ਗਏ ਹਾਂ, ਹੁਣ ਅ
    ਗਲੀ ਗੱਲ ਇਸ ਦੇ ਵਸਤੂ ਦੀ ਹੈ l"
    ਮੈਂ ਇਹ ਮਹਿਸੂਸ ਕੀਤਾ ਕਿ ਤੁਸੀਂ ਸੋਚਦੇ ਹੋ ਕਿ ਵਸਤ ਓਹ ਹੀ ਸਵੀਕਾਰ ਕਰ ਲਈਏ ਜੋ ਜਾਪਾਨ ਦੀਆਂ ਹੱਦਾਂ ਤੋ ਪਾਰ ਹੋਣ ਬਾਹਦ ਸਵੀਕਾਰ ਕਰ ਲਈ ਗਈ ਜਿਸਦੇ ਅਨੰਤ ਰੂਪ ਹਨ, ਤੁਸੀਂ ਹਿੰਦੋਸਤਾਨ ਵਿਚ ਹਾਇਕੂ ਦੇ ਨਾਮ ਤੇ ਹੋ ਰਹੀ ਵੱਡ-ਪਧਰੀ ਗਤੀਵਿਧੀ ਤੋਂ ਵੀ ਜਾਣੂੰ ਹੋ ਤੇ ਇਥੇ ਉਤ੍ਤਰੀ ਅਮਰੀਕਾ ਦੇ ਵੀ ਕਿੰਨੇ ਤ੍ਰਾਂ ਦੇ ਹਾਇਕੂ ਤੋਂ ਵੀ l ਇੰਨਾ ਵਖਰੇਵਾਂ ਕਿਓਂ ਹੈ ? ਇਥੇ ਵੀ ਹਿੰਦੋਸਤਾਨ ਵਾਂਗ 5-7-5 ਦੇ ਪੁਜਾਰੀ ਹਨ ਜੋ ਸੋਚਦੇ ਹਨ ਕਿ ਵਿਸ਼ੇ-ਵਸਤੂ ਦਾ ਕੋਈ ਰੌਲਾ ਨਹੀਂ ( ਓਹਨਾ ਨੇ ਵੀ ਤਾਂ ਓਹੀ ਕਿਤਾਬਾਂ ਪੜੀਆਂ ਹਨ ਜੋ ਦਸਦੀਆਂ ਹਨ ਕਿ ਕਲਾਸਾਈ ਹਾਇਕੂ ਦਾ ਰੂਪ-ਰੰਗ ਉਦੋਂ ਬਦਲ ਗਿਆ ਸੀ ਜਦੋਂ ਓਹ ਜਾਪਾਨ ਨੂੰ ਟੱਪਿਆ )
    ਮੈਂ ਇਹ ਤੁਹਾਡੇ ਕਮੇੰਟ ਵਿਚ ਇਸ ਲਈ ਪੜ੍ਹ ਗਿਆ ਕੀ ਜਿਓਂ ਹੀ ਓਹ ਇਸ ਗੱਲ ਨੂੰ ਲੈ ਕੇ ਆਏ ਕੀ "ਸਾਨੂੰ ਆਪਨੇ ਮਨ ਤੇ ਕੰਮ ਕਰਨਾ ਪਏਗਾ, ਆਪਣਾ ਆਪਾ ਬਦਲਣਾ ਪਏਗਾ" ਅਸੀਂ ਆਖਦੇ ਹਾਂ ਕੀ ਕੁਝ ਗੱਲਾਂ ਤਾਂ ਕਲਾਸੀਕਲ ਹਿਕੁ ਵਾਲਿਆਂ ਰਖੋ ( ਰੂਪ ਨਾਲ ਸੰਬੰਧਤ ਤਾਂ ਸਾਰੀਆਂ ਹੀ ) ਪਰ ਇਹ ਜੋ ਵਸਤੂ ਦੀ ਗੱਲ ਹੈ ਇਹ ਹੁਣ outdated ਹੈ l
    ਵਿਚਾਰਾਂ ਦੇ ਵਿਚ ਤਾਂ ਫਰਕ ਹੋਣਗੇ ਹੀ ਤੇ ਹੋਣੇ ਵੀ ਚਾਹੀਦੇ ਹਨ ਪਰ ਇਹ ਤਾਂ ਜੀਵਨ ਦਾ ਹੀ ਫਰਕ ਹੈ ਜੇ ਮੈਂ ਕਹਾਂ ਕੀ "ਪੰਜਾਬੀ" ਹੋਣਾ ਮਨ ਤੋਂ ਹੈ ਪਰ ਤੁਸੀਂ ਕਹੋਂ ਕਿ ਨਹੀਂ ਚਾਦਰਾ ਤੇ ਲੜ੍ਹ ਵਾਲਾ ਪੱਗੜ੍ਹ ਹੀ ਕਾਫੀ ਹੈ l ਮੈਂ ਫਿਰ ਵੀ ਇਹ ਕਹਿੰਦਾ ਰਹਾਂਗਾ ਕਿ ਮਨ ਕਰਕੇ ਪੰਜਾਬੀ, ਭਾਵੇਂ ਪਤਲੂਨ ਪਾਵੇ ਜਾਂ ਸਕਾੱਟ ਲੋਕਾਂ ਵਾਲੀ ਸਕਰਟ ਓਸਦੀ ਹਰ ਗੱਲ 'ਚ ਪੰਜਾਬੀਅਤ ਹੋਏਗੀ .
    ਵਸਤੂ ( ਜਿਸਨੂੰ ਕੁਝ ਸੱਜਣ "ਰੂਹ-ਆਤਮਾ" ਕਹਿੰਦੇ ਹਨ ) ਦਾ ਪੱਖ ਬਹੁਤ ਅਹਿਮ ਹੈ ਇਸਤੇ
    ਨਵੇਂ ਸਿਰਿਓਂ ਗੱਲ ਸ਼ੁਰੂ ਹੋ ਰਹੀ ਹੈ ਤੇ ਮੈਨੂੰ ਲਗਦਾ ਹੈ ਸੋਧੀ ਵੀਰੇ ਕੋਲ ਕਹਿਣ ਨੂੰ ਕੁਝ ਹੈ, ਆਪਾਂ ਕਿਓਂ ਓਹਨਾਂ ਨੂੰ Welsh /Whyte ਹੋਰਾਂ ਦੇ ਰਟੇ ਰਟਾਏ ਸਬਕ ਪੜ੍ਹੋਨੇ ਹਨ l
    ਮੈਂ ਕੀ ਕਰਾਂ ਗੱਲ ਲੰਬੀ ਹੋ ਜਾਂਦੀ ਹੈ ਪਰ ਤੋੜਾ ਉਥੇ ਹੀ ਆ ਕੇ ਟੁੱਟਦਾ ਹੈ ਕਿ ਅਸੀਂ ਹਾਇਕੂ ਲਾਗੇ ਕਿਓਂ ਗਏ ਤੇ ਅਸੀਂ ਹਾਇਕੂ ਕਿਓਂ ਲਿਖਦੇ ਹਾਂ? ਆਤਮਿਕ ਉਨਤੀ ਲਈ ਜਾਂ ਆਪਣਾਂ ਨਾਮ ਲਿਖਾਰੀਆਂ ਚ ਸ਼ਾਮਿਲ ਕਰਵਾਉਣ ਲਈ?
    ਤੇ ਦੂਸਰੇ ਕਾਰਨ ਤੇ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਮੈਂ ਸਿਰਫ ਇੱਕ ਹੀ ਗੱਲ ਕਹਿਣਾ ਚਾਹਾਂਗਾ ਕਿ ਇੱਕ ਵਧੀਆ ਗੱਲ ਨਾਲ ਵਾਹ ਪੈਣ ਤੇ ਵੀ ਜੇ ਅਸੀਂ ਕੁਝ ਲਾਹਾ ਨਾਂ ਲੈ ਸਕਾਂਗੇ ਤਾਂ ਹਾਇਕੂ ਨੂੰ ਕੋਈ ਘਾਟਾ ਨਹੀਂ ਪੈਣ ਲਗਾ..................
  • Amarjit Sathi Tiwana ਦਲਵੀਰ ਗਿੱਲ ਸਾਹਿਬ ਤੁਸਾਂ ਲਿਖਿਆ ਹੈ: "ਵਿਚਾਰਾਂ ਦੇ ਵਿਚ ਤਾਂ ਫਰਕ ਹੋਣਗੇ ਹੀ ਤੇ ਹੋਣੇ ਵੀ ਚਾਹੀਦੇ ਹਨ ਪਰ ਇਹ ਤਾਂ ਜੀਵਨ ਦਾ ਹੀ ਫਰਕ ਹੈ ਜੇ ਮੈਂ ਕਹਾਂ ਕੀ "ਪੰਜਾਬੀ" ਹੋਣਾ ਮਨ ਤੋਂ ਹੈ ਪਰ ਤੁਸੀਂ ਕਹੋਂ ਕਿ ਨਹੀਂ ਚਾਦਰਾ ਤੇ ਲੜ੍ਹ ਵਾਲਾ ਪੱਗੜ੍ਹ ਹੀ ਕਾਫੀ ਹੈ l" ਮੈਂ ਕਦੇ ਇਹ ਨਹੀਂ ਕਿਹਾ। ਤੁਸੀਂ ਅਪਣੇ ਵਿਚਾਰ ਮੈਨੂੰ ਸੰਬੋਧਨ ਕਰ ਕੇ ਮੇਰੇ ਨਾਂ ਨਾਲ ਨਾ ਜੋੜੋ। ਮੈਨੂੰ ਏਨੀ ਕੁ ਸੂਝ ਜਰੂਰ ਹੈ ਕਿ ਪੰਜਾਬੀਅਤ ਕੀ ਹੈ ਅਤੇ ਇਹ ਵੀ ਕਿ ਕੋਈ ਪਹਿਰਾਵਾ ਹੀ ਕਿਸੇ ਕੌਮ ਦੀ ਪਹਿਚਾਣ ਨਹੀਂ ਹੁੰਦਾ।
    ਮੈਂ ਤੁਹਾਡੇ ਜਿੰਨਾਂ ਵਿਦਵਾਨ ਵੀ ਨਹੀਂ ਹਾਂ ਕਿ ਲੰਮੀਆਂ ਲੰਮੀਆਂ ਟਿੱਪਣੀਆਂ ਲਿਖ ਸਕਾਂ। ਨਾ ਹੀ ਮੈਂ ਇਸ ਨੂੰ ਉਚਿਤ ਸਮਝਦਾ ਹਾਂ ਕਿ ਲੰਮੇ ਲੰਮੇ ਕਾਮੈਂਟ ਲਿਖ ਕੇ ਮੈਂਬਰਾਂ ਦਾ ਸਮਾ ਬਰਬਾਦ ਕੀਤਾ ਜਾਵੇ। ਘੱਟ ਤੋਂ ਘੱਟ ਹਾਇਕੂ ਸਾਧਨਾ ਨੇ ਮੈਨੂੰ ਅਪਣੇ ਵਿਚਾਰ ਸੰਖੇਪ ਅਤੇ ਨੁਕਤੇ 'ਤੇ ਰੱਖਣ ਵਿਚ ਜਰੂਰ ਸਹਾਇਤਾ ਕੀਤੀ ਹੈ। ਕਿਰਪਾ ਕਰ ਕੇ ਇਸ ਬਹਿਸ ਨੂੰ ਖਤਮ ਕੀਤਾ ਜਾਵੇ।

2 comments:

  1. https://www.facebook.com/sodhiparminder/posts/525658277447018

    ReplyDelete
  2. https://www.facebook.com/notes/10151645038891743/

    ReplyDelete