Wednesday, August 13, 2014

on Punjabi Haiku teachers

ਹਾਂਜੀ ਮੈਂ ਵੀ ਇਹੋ ਕਿਹਾ ਹੈ ਕਿ 7 ਸਾਲ ਪਹਿਲਾਂ ਦੇ ਰੱਟੇ ਮਾਰੇ ਹੋਏ ਸਬਕ ਨਾ ਪੜ੍ਹਾਈ ਜਾਵੋ। ਉੱਥੋਂ ਹਿੱਲੋ! ਬਾਸ਼ੋ ਨੇ ਸਿੱਧਾ ਕਿਹਾ ਹੈ, "ਹੋੱਕੂ ਦਾ ਮੂਡ ਵੈਰਾਗ ਦਾ ਹੈ।" ਤੁਸੀਂ ਭਾਵਨਾਵਾਂ ਦੇ ਖਿਲਾਫ਼ ਪ੍ਰਚਾਰ ਕਰੀ ਜਾਂਦੇ ਹੋ ਤੁਹਾਡੇ ਚਾਚਾ ਜੀ ਨੇ ਮਹੀਨਾ ਲਾ ਦਿੱਤਾ ਸੀ ਸੰਵੇਦਨਾਵਾਂ ਦੇ ਅੰਸ਼ ਇਕੱਠੇ ਕਰਦਿਆਂ। ਜੇ ਇਮੇਜਿਸਟ ਕਵੀਆਂ ਜਾਂ ਲੀ ਗੁਰਗਾ ਨੂੰ ਭੁਲੇਖਾ ਲੱਗਾ ਅਤੇ ਉਸੇ ਵਿਚਾਰ ਨੂੰ ਪੰਜਾਬੀ ਹਾਇਕੂ ਵਾਲਿਆਂ ਫੜ ਲਿਆ ਤਾਂ ਆਪਾਂ ਨੂੰ ਕੀਹ ਮਜਬੂਰੀ ਹੈ ਕਿ ਉਹਨਾਂ ਦੀ ਪੈੜ ਵਿੱਚ ਹੀ ਪੈਰ ਰੱਖਣਾ ਹੈ। ਹਜ਼ਾਰਾਂ ਸਫ਼ੇ ਪੜ੍ਹ ਕੇ ਵੀ ਜਦੋਂ ਹੋੱਕੂ ਸਿਖਣਾ ਸ਼ੁਰੂ ਕੀਤਾ ਸੀ ਤਾਂ ਮੈਂਥੋਂ ਛੇ ਮਹੀਨੇ ਤਕ ਕੋਈ ਹੋੱਕੂ ਨਹੀਂ ਸੀ ਲਿਖ ਹੋਇਆ, ਪ ਹ ਦੀ ਕੀਤੀ ਪੜ੍ਹਾਈ ਕਰਕੇ। ਉਹਨਾਂ ਦਾ ਰੱਦ ਕੀਤਾ ਹੋਇਆ ਈ ਨਵੇਂ ਸਕੂਲ ਵਿੱਚ ਸਵੀਕਾਰ ਹੋਇਆ ਸੀ। ਮੈਂ ਧੀਦੋ ਗਿੱਲ ਬਾਈ ਹੁਰਾਂ ਨੂੰ ਵੀ ਕਿਹਾ ਸੀ ਕਿ ਦੂਜਿਆਂ ਨੂੰ ਪੜ੍ਹਾਉਣ ਲਈ ਦੋ ਅੱਖਰ ਆਪ ਵੀ ਪੜ੍ਹ ਲੈਣ 'ਚ ਕੋਈ ਹਰਜ਼ਾ ਨਹੀਂ ਹੁੰਦਾ। ਇੱਕ ਵਾਰ ਰਾਣੀ ਗੁਰਚਰਨ ਕੌਰ ਨੇ "ਹਾਇਕੂ ਦੇ ਨਿਯਮਾਂ" ਦੀ ਤੁਹਾਡੀ ਲਿਖੀ ਸੂਚੀ ਆਪਣੀ ਵਾਲ 'ਤੇ ਸਾਂਝੀ ਕੀਤੀ ਸੀ ਅਤੇ ਮੈਂ ਸ਼ਿਰਾਨੇ ਦੇ ਲੇਖ ਦਾ ਲਿੰਕ ( ਜਿਸਦਾ ਪੰਜਾਬੀ ਅਨੁਵਾਦ ਮੈਂ ਕੀਤਾ ਸੀ ) ਇੱਕ ਟਿੱਪਣੀ ਵਿੱਚ ਪਾਇਆ ਤਾਂ ਉਹ ਕਹਿੰਦੇ, " ਇਹ ਤਾਂ ਬਹੁਤ ਲੰਬਾ ਹੈ, ਤੁਸੀਂ ਸੰਖੇਪ ਵਿੱਚ ਦੱਸ ਸਕਦੇ ਹੋ?" ਜੇ ਸਿਖਾਉਣ ਵਾਲੇ ਆਪ ਪੜ੍ਹ ਕੇ ਰਾਜ਼ੀ ਨਹੀਂ ਤਾਂ ਸਿਖਾਂਦਰੂਆਂ ਤੋਂ ਕਿਵੇਂ ਆਸ ਰੱਖ ਸਕਦੇ ਹੋ ਕਿ ਉਹ ਤੁਹਾਡੀਆਂ ਨਿਯਮ-ਸੂਚੀਆਂ ਜਾਂ ਮਸ਼ਵਰੇ ਪੜ੍ਹਣਗੇ ? ਕੁਲਜੀਤ ਮਾਨ ਭਾਜੀ ਦੇ ਇੱਕ ਪੁਰਾਣੇ ਹਾਇਕੂ ਨੂੰ ਸਾਂਝਾ ਕਰਦਿਆਂ ਵੀ ਇਹੋ ਕਿਹਾ ਸੀ ਜੋ ਤੁਹਾਨੂੰ ਕਿਹਾ ਕਿ ਜੇ ਅੱਗੇ ਨਹੀਂ ਚੱਲ ਰਹੇ ਹੁੰਦੇ ਤਾਂ ਇਹ ਨਾ ਸਮਝੋ ਕਿ ਇੱਕ ਥਾਂ ਖੜੇ ਹਾਂ, ਪਿੱਛੇ ਨੂੰ ਜਾ ਰਹੇ ਹਾਂ, ਸੰਧੂ ਸਾਹਿਬ ਨੇ ਨੋਟਿਸ ਲਿਆ ਅਤੇ ਪ ਹ ਵਿੱਚ ਹੁਣ ਐਡਮਿੰ ਦੀ ਅਪ੍ਰੂਵ੍ਲ ਨਾਲ ਪੋਸਟ ਲੱਗਣ ਲੱਗੀ ਹੈ। ਜੇ ਉਨ੍ਹਾਂ ਹੀ ਅਸੂਲਾਂ ਨੂੰ ਲੈ ਕੇ ਚਲਨਾ ਹੈ ਤਾਂ ਦੂਜਾ ਗਰੁੱਪ ਬਣਾਉਣ ਦੀ ਕਿਹ ਲੋੜ ਪੈ ਗਈ ਸੀ? ਸੰਦੀਪ ਦੀਦੀ ਦੇ ਸਕੂਲ ਵਿੱਚ ਪੜ੍ਹਿਆਂ ਦੀਆਂ ਰਚਨਾਵਾਂ ਵਿੱਚ ਇੱਕ ਵਿਲਖਣਤਾ ਝਲਕਦੀ ਹੈ, ਇਹਨਾਂ ਦੋਵਾਂ ਗਰੁੱਪਾਂ ਦੇ ਸਾਰੇ ਹੀ ਇੱਕੋ ਜਿਹਾ ਲਿਖ ਰਹੇ ਹਨ, ਲਿਖਣਗੇ ਵੀ। ਕਲਾ ਕਲਪਨਾ ਦੀ ਉਡਾਰੀ ਮੰਗਦੀ ਹੈ ਨਹੀਂ ਤਾਂ ਇੱਕ ਕਰਾਫਟ ਹੋ ਨਿਬੜਦੀ ਹੈ 'ਤੇ ਹਾਇਕੂ ਨੂੰ ਆਪਾਂ ਨੇ ਕਲਾ ਤੋਂ ਕਰਾਫਟ ਤੱਕ ਦਾ ਸਫ਼ਰ ਬਾਖ਼ੂਬੀ ਕਰਵਾ ਦਿੱਤਾ ਹੈ।
"ਹਾਇਕੂ ਦੀ ਮੌਤ" ਤਾਂ ਚਲੋ 50-60 ਪੰਨੇ ਲੰਬਾ ਹੈ ਪਰ ਸ਼ਿਰਾਨੇ ਵਾਲਾ ਤਾਂ ਚਾਰ ਕੁ ਪੰਨੇ ਹੀ ਹੈ, ਨਾਲੇ ਜੇ ਮੈਂ ਅਨੁਵਾਦ ਕਰਨ ਲਈ ਸਮਾਂ ਕੱਢ ਸਕਦਾ ਹਾਂ ਤਾਂ ਉਸਨੂੰ ਪੜ੍ਹਨ ਲਈ ਕਿੰਨਾ ਕੁ ਸਮਾਂ ਲੱਗੇਗਾ ? ਮੈਂ ਗਾਹੇ-ਬ-ਗਾਹੇ ਬਾਸ਼ੋ ਹੁਰਾਂ ਦੇ ਵਿਚਾਰ ਸਾਂਝੇ ਕਰਦਾ ਰਿਹਾ ਹਾਂ ( ਉਹ ਕੱਟ-ਮਾਰਕ ਆਦਿ ਦਾ ਵੀ ਇੱਡਾ ਸ਼ੌਦਾਈ ਨਹੀਂ ਸੀ ) ਪਰ ਪ ਹ ਦੇ ਸਬਕ ਇੰਨੇ ਪੱਕੇ ਹੋ ਚੁੱਕੇ ਹਨ ਕਿ ਉੱਥੇ ਬਾਸ਼ੋ ਵਰਗਿਆਂ ਦੀ ਕੀ ਵੁੱਕਤ?
ਮਿੰਨਤ ਨਾਲ ਆਹ ( ਸ਼ਿਰਾਨੇ ਨੇ ਜਾਪਾਨੀ ਸੁਹਜ ਸ਼ਾਸ਼ਤਰ ਬਾਰੇ ਵੀਹ ਤੋਂ ਉੱਪਰ ਕਿਤਾਬਾਂ ਲਿਖੀਆਂ ਹਨ ) ਅਨੁਵਾਦ ਜ਼ਰੂਰ ਪੜ੍ਹ ਲਿਓ ਇਹਨਾਂ ਤਿੰਨ ਸਥਾਪਤ ਮਨੌਤਾਂ ਦੀਆਂ ਧੱਜੀਆਂ ਉਡਾਉਂਦਾ ਹੈ :

ਹਾਇਕੂ ਹਾਇਜ਼ਨ ਦਾ ਸਿੱਧਾ/ਨਿੱਜੀ ਅਨੁਭਵ ਹੈ,
ਹਾਇਕੂ ਅਲੰਕਾਰਾਂ ਤੋਂ ਪ੍ਰਹੇਜ਼ ਰੱਖਦਾ ਹੈ,
ਹਾਇਕੂ ਕੁਦਰਤ ਦਾ ਕਾਵਿ ਹੈ।

No comments:

Post a Comment